ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ‘ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਤਾਬੜਤੋੜ ਫਾਇਰਿੰਗ ਹੋਈ। ਇਸ ਦੌਰਾਨ ਗੋਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪੱਖਾਂ ਵਿੱਚ ਕਰੀਬ 60 ਰਾਊਂਡ ਫਾਇਰਿੰਗ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ ਦੋ ਧਿਰਾਂ ਵਿਚ ਗੋਲੀਆਂ ਚੱਲੀਆਂ। ਜਿਸ ਵਿੱਚ ਤਕਰੀਬਨ ਅੱਠ ਤੋਂ 10 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਸ ਮੌਕੇ ‘ਤੇ DSP ਰਜੇਸ਼ ਕੱਕੜ ਅਤੇ SHO ਸਤਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ‘ਤੇ ਤਫਤੀਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ DSP ਰਜੇਸ਼ ਕੱਕੜ ਅਤੇ SHO ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਦੌਰਾਨ ਪੁਲਿਸ ਨੂੰ 11 ਜਿੰਦਾ ਰਾਊਂਡ ਬਾਰਾ ਬੋਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ।