ਬਰੈੰਪਟਨ, ਉਨਟਾਰੀਓ : ਦੀਵਾਲੀ ਤੋਂ ਪਹਿਲਾਂ ਬਰੈਂਪਟਨ ਨਵੇਂ ਫਾਇਰਵਰਕਸ ਬਾਈ-ਲਾਅ ਦੇ ਤਹਿਤ ਹਰ ਤਰ੍ਹਾਂ ਦੇ ਪਟਾਕੇ ਖਰੀਦਣ-ਵੇਚਣ ਤੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 1 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਵਸੂਲਿਆ ਜਾ ਸਕਦਾ ਹੈ। ਸਿਟੀ ਸਮਾਗਮਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਨਵੇਂ ਫਾਇਰਵਰਕਸ ਬਾਈ-ਲਾਅ ਦੇ ਮੁਤਾਬਕ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਪਟਾਕਿਆਂ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਬਾਈ ਲਾਅ ਲੰਘੇ ਸਾਲ ਰੀਜਨਲ ਕੌਂਸਲਰ ਡੈਨਿਸ ਕੀਨਨ ਵੱਲੋ ਲਿਆਂਦੇ ਗਏ ਮਤੇ ਤੋਂ ਬਾਅਦ ਬਦਲੇ ਗਏ ਹਨ। ਇਸ ਦਾ ਮੰਤਵ ਅੱਗ ਨਾਲ ਵਾਪਰਣ ਵਾਲੀਆਂ ਘਟਨਾਵਾਂ, ਹਵਾ ਤੇ ਆਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਤਹਿਤ ਹਰ ਤਰ੍ਹਾਂ ਦੇ ਪਟਾਕਿਆਂ ਤੇ ਆਤਿਸ਼ਬਾਜ਼ੀ ਜਿਵੇਂ ਸਪਾਰਕਲਰ, ਰੋਮਨ ਮੋਮਬੱਤੀਆਂ, ਗਰਾਊਂਡ ਸਪਿਨਰ (ਚੱਕਰੀਆਂ), ਰਾਕੇਟ, ਫਲਾਇੰਗ ਲੈਂਟਰਨ ਆਦਿ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਖਰੀਦਣ, ਵੇਚਣ ਅਤੇ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਾਗਰਿਕਾਂ ਨੂੰ ਦੀਵਾਲੀ, ਨਵੇਂ ਸਾਲ ਅਤੇ ਕੈਨੇਡਾ ਡੇਅ ਮੌਕੇ ਸਿਟੀ ਇਵੈਂਟਸ ਵਿਚ ਹਿੱਸਾ ਲੈ ਕੇ ਆਤਿਸ਼ਬਾਜ਼ੀ ਦਾ ਆਨੰਦ ਮਾਨਣ ਦੀ ਅਪੀਲ ਕੀਤੀ ਗਈ ਹੈ।

ਨਵੇਂ ਨਿਯਮਾਂ ਮੁਤਾਬਕ ਬਿਨਾਂ ਪਰਮਿਟ ਦੇ ਪਟਾਕੇ ਰੱਖਣ ਜਾਂ ਚਲਾਉਣ ਵਾਲਿਆਂ ਤੋਂ $500, ਪਟਾਕੇ ਵੇਚਣ ਜਾਂ ਪ੍ਰਦਰਸ਼ਿਤ ਕਰਣ ‘ਤੇ $1,000, ਪਰਮਿਟ ਤੋਂ ਬਿਨਾਂ ਨਿੱਜੀ ਜਾਇਦਾਦ ‘ਤੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਵਾਲਿਆਂ ਤੋਂ $500, ਹੁਕਮਾਂ ਦੀ ਉਲੰਘਣਾ ਕਰਨ ‘ਤੇ $1,000 ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਲੰਘਣਾ ਕਰਨ ਵਾਲਿਆਂ ਨੂੰ ਇਕ ਸੰਮਨ ਵੀ ਜਾਰੀ ਕੀਤਾ ਜਾ ਸਕਦਾ ਹੈ, ਜਿਸ ਵਿਚ ਕਿਸੇ ਵਿਅਕਤੀ ਨੂੰ ਅਦਾਲਤ ਵਿਚ ਹਾਜ਼ਰ ਹੋਣ ਦੀ ਲੋੜ ਹੁੰਦੀ ਹੈ, ਜਿੱਥੇ $500 ਤੋਂ ਲੈ ਕੇ $100,000 ਤਕ ਜੁਰਮਾਨਾ ਹੋ ਸਕਦਾ ਹੈ।