ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਲੰਡਨ ਵਿੱਚ ਆਪਣੀ 19 ਸਾਲਾ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਜੁਰਮ ਕਬੂਲ ਕਰ ਲਿਆ ਹੈ। ਕਰੋਇਡਨ ਦੇ ਰਹਿਣ ਵਾਲੇ ਸਾਹਿਲ ਸ਼ਰਮਾ ਨੂੰ ਵੀਰਵਾਰ ਨੂੰ ਕਿੰਗਸਟਨ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੇ ਗੁਰਦਾਸਪੁਰ ਦੀ ਮਹਿਕ ਸ਼ਰਮਾ ਦੇ ਕਤਲ ਕਰਨ ਦੀ ਗੱਲ ਕਬੂਲ ਕੀਤੀ। ਮੈਟਰੋਪੋਲੀਟਨ ਪੁਲਿਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦੋਸ਼ੀ ਸਾਹਿਲ ਸ਼ਰਮਾ ਨੂੰ 26 ਅਪ੍ਰੈਲ ਨੂੰ ਇਸੇ ਅਦਾਲਤ ਵਿੱਚ ਸਜ਼ਾ ਸੁਣਾਈ ਜਾਵੇਗੀ।
29 ਅਕਤੂਬਰ, 2023 ਨੂੰ, ਸਾਹਿਲ ਨੇ 999 ਡਾਇਲ ਕੀਤਾ ਅਤੇ ਪੁਲਿਸ ਆਪਰੇਟਰ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿਤਾ। ਮੌਕੇ ‘ਤੇ ਪਹੁੰਚਣ ‘ਤੇ ਅਧਿਕਾਰੀਆਂ ਨੇ ਮਹਿਕ ਨੂੰ ਬੇਹੋਸ਼ ਪਾਇਆ ਅਤੇ ਉਸ ਦੀ ਗਰਦਨ ‘ਤੇ ਚਾਕੂ ਦੇ ਗੰਭੀਰ ਜ਼ਖਮ ਸਨ। ਮੌਕੇ ‘ਤੇ ਪਹੁੰਚੇ ਡਾਕਟਰਾਂ ਨੇ ਲਗਭਗ 20 ਮਿੰਟ ਬਾਅਦ ਮਹਿਕ ਨੂੰ ਮ੍ਰਿਤਕ ਐਲਾਨ ਦਿਤਾ। ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲਿਸਟ ਕ੍ਰਾਈਮ ਕਮਾਂਡ ਤੋਂ ਡਿਟੈਕਟਿਵ ਇੰਸਪੈਕਟਰ ਲੌਰਾ ਸੇਮਪਲ ਨੇ ਕਿਹਾ ਕਿ ਸਾਹਿਲ ਸ਼ਰਮਾ ਦੀਆਂ ਕਾਰਵਾਈਆਂ ਨਾਲ ਇਕ ਪਰਿਵਾਰ ਤਬਾਹ ਹੋ ਗਿਆ ਹੈ। ਆਪਣੀ ਪਤਨੀ ਦਾ ਕਤਲ ਕਰਕੇ, ਉਸ ਨੇ ਇਕ ਪਰਿਵਾਰ ਤੋਂ ਇੱਕ ਪਿਆਰੀ ਧੀ ਖੋਹ ਲਈ ਹੈ, ਜਿਸ ਕਾਰਨ ਉਹ ਹੀ ਜਾਣਦਾ ਹੈ। ਸੇਮਪਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮਹਿਕ ਸ਼ਰਮਾ ਦੇ ਪ੍ਰਵਾਰਕ ਮੈਂਬਰਾਂ ਨੂੰ ਹੁਣ ਇਨਸਾਫ਼ ਲਈ ਭੜਕਣਾ ਨਹੀਂ ਪਵੇਗਾ ਪਰ ਇਹ ਸੱਚ ਹੈ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ