ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰ ਚੁੱਕੀ ਹੈ। PM ਮੋਦੀ ਨਾਲ ਖਿਡਾਰੀਆਂ ਨੇ ਕਰੀਬ 2 ਘੰਟਿਆਂ ਤੱਕ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਹੁਣ ਟੀਮ ਇੰਡੀਆ ਏਅਰਪੋਰਟ ਦੇ ਲਈ ਰਵਾਨਾ ਹੋ ਗਈ ਹੈ। ਟੀਮ ਸਵੇਰੇ 10.30 ਵਜੇ PM ਮੋਦੀ ਦੀ ਰਿਹਾਇਸ਼ ‘ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਟੀਮ ਨੇ ਹੋਟਲ ITC ਮੌਰਿਆ ਵਿੱਚ ਸਪੈਸ਼ਲ ਕੇਕ ਕੱਟਿਆ। ਇੱਥੇ ਕਪਤਾਨ ਰੋਹਿਤ ਸ਼ਰਮਾ ਸਣੇ ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ ਤੇ ਹਾਰਦਿਕ ਪੰਡਯਾ ਤੇ ਹੋਰ ਖਿਡਾਰੀਆਂ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾਉਂਦੇ ਨਜ਼ਰ ਆਏ। ਦਿੱਲੀ ਏਅਰਪੋਰਟ ਪਹੁੰਚਣ ਦੇ ਬਾਅਦ ਕਪਤਾਨ ਰੋਹਿਤ ਸ਼ਰਮਾ, BCCI ਸਕੱਤਰ ਜੈ ਸ਼ਾਹ ਤੇ ਪ੍ਰਧਾਨ ਰੋਜ਼ਰ ਬਿਨੀ ਨੇ ਵੀ ਕੇਕ ਕੱਟਿਆ।
ਦੱਸ ਦੇਈਏ ਕਿ ਅੱਜ ਸ਼ਾਮ 5 ਵਜੇ ਤੋਂ ਮੁੰਬਈ ਵਿੱਚ ਵਿਕਟਰੀ ਪਰੇਡ ਹੋਵੇਗੀ। ਪਰੇਡ ਦੇ ਲਈ ਓਪਨ ਰੂਫ ਬੱਸ ਤਿਆਰ ਹੋ ਚੁੱਕੀ ਹੈ। ਟੀਮ ਨਰੀਮਨ ਪੁਆਇੰਟ ਤੋਂ ਓਪਨ ਰੂਫ ਬੱਸ ਤੋਂ ਵਾਨਖੇੜੇ ਸਟੇਡੀਅਮ ਤੱਕ ਜਾਵੇਗੀ। ਇਸ ਤੋਂ ਬਾਅਦ ਸਨਮਾਨ ਸਮਾਰੋਹ ਵਿੱਚ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ। ਸਮਾਰੋਹ ਵਾਲੀ ਥਾਂ ‘ਤੇ ਫੈਨਜ਼ ਨੂੰ ਫ੍ਰੀ ਐਂਟਰੀ ਦਿੱਤੀ ਜਾਵੇਗੀ। ਮੁੰਬਈ ਪੁਲਿਸ ਦੇ ਜੁਆਇੰਟ ਸੀਪੀ (ਲਾਅ ਐਂਡ ਆਰਡਰ) ਸੱਤਿਆਨਾਰਾਇਣ ਚੌਧਰੀ ਨੇ ਕਿਹਾ ਕਿ ਭਾਰਤੀ ਟੀਮ ਦੀ ਵਿਕਟਰੀ ਪਰੇਡ ਦੇ ਲਈ ਰੂਟ ਡਾਇਵਰਟ ਕੀਤੇ ਗਏ ਹਨ। ਅਸੀਂ MCCA, MCA ਤੇ BCCI ਨਾਲ ਗੱਲਬਾਤ ਕੀਤੀ ਹੈ।
ਗੌਰਤਲਬ ਹੈ ਕਿ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਦੂਜੀ ਵਾਰ ਇਸ ਫਾਰਮੈੱਟ ਦਾ ਖਿਤਾਬ ਆਪਣੇ ਨਾਮ ਕੀਤਾ। ਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਭਾਰਤ ਨੇ 7 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਹੈ। ਉੱਥੇ ਹੀ ਵਨਡੇ ਵਿੱਚ 1983 ਤੇ 2011 ਵਿਸ਼ਵ ਕੱਪ ਜਿੱਤਿਆ ਹੈ। ਇਸ ਵਾਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈ ਲਿਆ।