ਕੈਨੇਡਾ ਤੋਂ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਚੀਮਾ ਵਜੋਂ ਹੋਈ ਹੈ ਅਤੇ ਉਹ ਪਟਿਆਲਾ ਦੇ ਹਲਕਾ ਘਨੌਰੀ ਅਧੀਨ ਪੈਂਦੇ ਪਿੰਡ ਸੇਹਰੀ ਦਾ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਸਾਢੇ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ। ਚਰਨਜੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਾਂ ਨੇ ਬਹੁਤ ਮੁਸ਼ਕਲਾਂ ਨਾਲ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਆਪਣਾ ਸੁਨਹਿਰੀ ਭਵਿੱਖ ਬਣਾ ਸਕੇ।

ਚਰਨਜੀਤ ਸਿੰਘ ਅਜੇ ਮਹੀਨਾ ਕੁ ਪਹਿਲਾਂ ਪਿੰਡ ਸੇਹਰੀ ਵਿਖੇ ਛੁੱਟੀ ਬਿਤਾ ਕੇ ਕੈਨੇਡਾ ਵਾਪਸ ਗਿਆ ਸੀ। ਪਤਾ ਲੱਗਾ ਹੈ ਕਿ ਬੀਤੇ ਦਿਨੀਂ ਚਰਨਜੀਤ ਸਿੰਘ ਜਦੋਂ ਕੰਮ ਕਰਕੇ ਘਰ ਵਾਪਸ ਪਰਤਿਆ ਤਾਂ ਰਾਤ ਦੀ ਰੋਟੀ ਖਾ ਕੇ ਸੌਂ ਗਿਆ ਤੇ ਜਦੋਂ ਸਵੇਰੇ ਦੇਖਿਆ ਤਾਂ ਉਹ ਮ੍ਰਿਤਕ ਪਿਆ ਸੀ। ਚਰਨਜੀਤ ਦੀ ਇਸ ਤਰ੍ਹਾਂ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।