ਤਲ ਅਵੀਵ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਿਦੇਸ਼ ਮੰਤਰੀ ਯੋਵ ਗੈਲੈਂਟ ਨਾਲ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਸਾਬਕਾ ਆਈ.ਡੀ.ਐਫ. ਸਟਾਫ ਦੀ ਅਗਵਾਈ ਵਾਲੀ ਵਿਰੋਧੀ ਬਲੂ ਅਤੇ ਵਾਈਟ ਪਾਰਟੀ ਦੇ ਨਾਲ ਮਿਲ ਕੇ ‘ਰਾਸ਼ਟਰੀ ਐਮਰਜੈਂਸੀ ਦੀ ਸਰਕਾਰ’ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਸ ਕਾਨਫ਼ਰੰਸ ਵਿਚ ਰੱਖਿਆ ਮੰਤਰੀ ਬੈਨੀ ਗਾਂਜ਼ ਵੀ ਸ਼ਾਮਲ ਸਨ। ਅਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਤਿਵਾਦੀ ਸੰਗਠਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਤੈਅ ਹੈ।ਹਮਾਸ ਦੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇਤਨਯਾਹੂ ਨਿੱਜੀ ਬਿਆਨ ਦੇ ਰਹੇ ਸਨ ਪਰ ਹੁਣ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਗੱਲ ਕੀਤੀ ਹੈ। ਨੇਤਨਯਾਹੂ ਨੇ ਐਲਾਨ ਕੀਤਾ, ‘ਯਹੂਦੀ ਰਾਸ਼ਟਰ (ਇਜ਼ਰਾਈਲ) ਇਕ ਹੈ ਅਤੇ ਹੁਣ ਇਸ ਦੀ ਅਗਵਾਈ ਵੀ ਏਕਤਾ ਵਿਚ ਹੋਵੇਗੀ।’
ਹਮਾਸ ਨੂੰ ਆਈ.ਐਸ.ਆਈ.ਐਸ. ਤੋਂ ਵੀ ਮਾੜਾ ਕਹਿਣ ਤੋਂ ਬਾਅਦ ਨੇਤਨਯਾਹੂ ਨੇ ਅਤਿਵਾਦੀਆਂ ਦੁਆਰਾ ਕੀਤੇ ਗਏ ਅੱਤਿਆਚਾਰਾਂ ਦਾ ਜ਼ਿਕਰ ਕੀਤਾ, ਜਿਸ ਵਿਚ ਲੋਕਾਂ ਨੂੰ ਜ਼ਿੰਦਾ ਸਾੜ ਦਿਤਾ ਗਿਆ ਸੀ। ਉਨ੍ਹਾਂ ਕਿਹਾ, “ਇਜ਼ਰਾਈਲ ਦਾ ਹਰ ਪ੍ਰਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤਾਂ ਨਾਲ ਜੁੜਿਆ ਹੋਇਆ ਹੈ। ਅਸੀਂ ਅਪਣੇ ਘਰਾਂ ਲਈ ਇਕੱਠੇ ਹੋ ਕੇ ਲੜਾਂਗੇ”। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿਆਸਤਦਾਨਾਂ ਦਾ ਸਮਰਥਨ ਵੀ ਮਿਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ‘ਅਸੀਂ ਹਮਲਾਵਰ ਹੋ ਗਏ ਹਾਂ। ਹਮਾਸ ਨਾਲ ਜੁੜੇ ਹਰ ਮੈਂਬਰ ਦੀ ਮੌਤ ਤੈਅ ਹੈ। ਨੇਤਨਯਾਹੂ ਨੇ ਕਿਹਾ ਕਿ ਪੂਰਾ ਇਜ਼ਰਾਈਲ ਅਪਣੇ ਸੈਨਿਕਾਂ ਨਾਲ ਖੜ੍ਹਾ ਹੈ ਅਤੇ ਹੁਣ ਇਜ਼ਰਾਈਲ ਦੀ ਜਿੱਤ ਹੋਵੇਗੀ”। ਰੱਖਿਆ ਮੰਤਰੀ ਬੈਨੀ ਗਾਂਜ਼ ਨੇ ਕਿਹਾ, ‘ਅਸੀਂ ਸਾਰੇ ਇਕ ਹਾਂ। ਅਸੀਂ ਸਾਰੇ ਇਸ ਸੰਘਰਸ਼ ਵਿਚ ਸ਼ਾਮਲ ਹੋ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਨੇਤਨਯਾਹੂ ਨਾਲ ਇਹ ਨਵੀਂ ਭਾਈਵਾਲੀ ਸਿਆਸੀ ਭਾਈਵਾਲੀ ਨਹੀਂ ਸਗੋਂ ਕਿਸਮਤ ਦੀ ਭਾਈਵਾਲੀ ਹੈ’।