ਸਮਰਾਲਾ, 1 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਨੂੰ ਅਦਾਲਤੀ ਕੰਪਲੈਕਸ ਸਮਰਾਲਾ ਵਿੱਚ ਬਤੌਰ ਨਾਇਬ ਕੋਰਟ ਤਾਇਨਾਤ ਏ.ਐੱਸ.ਆਈ ਅਵਤਾਰ ਸਿੰਘ ਨੂੰ 7000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਏ.ਐੱਸ.ਆਈ ਅਵਤਾਰ ਸਿੰਘ ਨੂੰ ਸੰਦੀਪ ਕੁਮਾਰ ਵਾਸੀ ਗਿਆਨਪੁਰਾ, ਉੱਤਰ ਪ੍ਰਦੇਸ਼, ਹਾਲ ਵਾਸੀ ਨਾਗਰਾ ਕਲੋਨੀ, ਮਾਛੀਵਾੜਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਲੁਧਿਆਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਖ਼ਿਲਾਫ਼ ਸਮਰਾਲਾ ਅਦਾਲਤ ਵਿੱਚ ਇੱਕ ਦੁਰਘਟਨਾ ਦਾ ਕੇਸ ਚੱਲ ਰਿਹਾ ਹੈ, ਪਰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਨਾਇਬ ਕੋਰਟ ਅਵਤਾਰ ਸਿੰਘ ਸਮਝੌਤਾ ਕਰਵਾਉਣ ਲਈ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ ਸਹਾਇਕ ਸਰਕਾਰੀ ਵਕੀਲ ਦੇ ਨਾਂ ’ਤੇ 20 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ, ਪਰ ਸੌਦਾ 7 ਹਜ਼ਾਰ ਰੁਪਏ ਵਿੱਚ ਹੋ ਗਿਆ। ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜੁਡੀਸ਼ੀਅਲ ਕੰਪਲੈਕਸ ਸਮਰਾਲਾ ਵਿੱਚ ਨਾਇਬ ਕੋਰਟ ਅਵਤਾਰ ਸਿੰਘ ਨੂੰ 7 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।