ਰੂਪਨਗਰ, 31 ਮਾਰਚ

ਰੂਪਨਗਰ ਜ਼ਿਲ੍ਹੇ ਦੀ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਮਲਕੀਤ ਸਿੰਘ ਨੂੰ 5 ਪਿਸਤੌਲਾਂ ਤੇ 20 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ’ਚ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 30 ਮਾਰਚ ਨੂੰ ਐੱਸਪੀ (ਡੀ) ਮਨਵਿੰਦਰਬੀਰ ਸਿੰਘ, ਡੀਐੱਸਪੀ(ਡੀ)ਤਲਵਿੰਦਰ ਸਿੰਘ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਟੀਮ ਨੇ ਮਲਕੀਤ ਸਿੰਘ ਉਰਫ ਬਿੱਲਾ ਨੂੰ 5 ਪਿਸਤੌਲਾਂ ਤੇ 20 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਤਿੰਨ ਪਿਸਤੌਲ .32 ਬੋਰ ਸਮੇਤ ਮੈਗਜ਼ੀਨ ਅਤੇ 2 ਪਿਸਤੌਲ .315 ਬੋਰ ਸ਼ਾਮਲ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਸਿੰਘ ਭਗਵੰਤਪੁਰ ਵਿਖੇ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਪਹਿਲਾਂ ਆਪਣੇ ਸਾਥੀਆਂ ਸਮੇਤ ਬਟਾਲਾ ਸ਼ਹਿਰ ਵਿਖੇ ਆਪਣੇ ਵਿਰੋਧੀਆਂ ’ਤੇ ਫਾਇਰਿੰਗ ਕੀਤੀ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਸਿਟੀ ਬਟਾਲਾ ਥਾਣੇ ਵਿੱਚ 8 ਨਵੰਬਰ 2022 ਨੂੰ ਇਰਾਦਾ ਕਤਲ, ਆਰਮਜ਼ ਐਕਟ ਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਹੈ, ਜਿਸ ਵਿੱਚ ਇਹ ਭਗੌੜਾ ਚੱਲ ਰਿਹਾ ਸੀ।