ਅੱਜ ਸਵੇਰੇ ਉੱਠੀ ਤਾਂ ਮੈਨੂੰ ਬੁਖ਼ਾਰ ਸੀ। ਪੂਰਾ ਸਰੀਰ ਭੱਠੀ ਵਾਂਗੂੰ ਤਪ ਰਿਹਾ ਸੀ। ਫਿਰ ਵੀ ਮੈਂ ਹਿੰਮਤ ਜਿਹੀ ਕਰ ਕੇ ਉੱਠ ਖੜ੍ਹੀ ਹੋਈ। ਘਰ ਦਾ ਸਾਰਾ ਕੰਮ ਕੀਤਾ। ਸਵੇਰ ਦੀ ਰੋਟੀ ਵਗੈਰਾ ਬਣਾਈ ਤੇ ਸਭ ਨੂੰ ਖੁਆ ਵੀ ਦਿੱਤੀ। ਸਾਰੇ ਰੋਟੀ ਖਾ ਕੇ ਆਪੋ ਆਪਣੇ ਕੰਮ ਧੰਦਿਆਂ ’ਤੇ ਲੱਗ ਗਏ, ਪਰ ਮੇਰੀ ਹਾਲਤ ਤੋਂ ਅਜੇ ਤੱਕ ਸਾਰੇ ਹੀ ਅਣਜਾਣ ਸਨ। ਕਿਸੇ ਨੂੰ ਵੀ ਇਸ ਚੀਜ਼ ਦਾ ਅਹਿਸਾਸ ਨਹੀਂ ਸੀ ਕਿ ਮੈਂ ਠੀਕ ਨਹੀਂ। ਪਤਾ ਵੀ ਕਿਵੇਂ ਲੱਗਦਾ ਕਿਸੇ ਨੂੰ…? ਮੈਂ ਕਿਹੜਾ ਦੱਸਿਆ ਸੀ ਕੁਝ। ਬਸ ਕੰਮ ਨਿਬੇੜ ਕੇ ਹੀ ਜਿਵੇਂ ਸਰੀਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਹੁਣ ਤੁਰਨ ਦੀ ਵੀ ਹਿੰਮਤ ਨਹੀਂ ਸੀ ਰਹੀ। ਇਸ ਲਈ ਮੈਂ ਆਪਣੇ ਕਮਰੇ ’ਚ ਆ ਕੇ ਪੈ ਗਈ। ਬੁਖ਼ਾਰ ਨਾਲ ਕਦੋਂ ਅੱਖ ਲੱਗ ਗਈ, ਕੁਝ ਪਤਾ ਹੀ ਨਹੀਂ ਲੱਗਿਆ। ਇੰਨੇ ਨੂੰ ਪੁੱਤਰ ਮੇਰਾ ਫੋਨ ਲੈ ਕੇ ਆ ਗਿਆ। ਕਹਿੰਦਾ, ‘‘ਮੰਮੀ, ਗੱਲ ਕਰਿਓ।’’ ਮੇਰੇ ’ਚ ਇੰਨੀ ਹਿੰਮਤ ਵੀ ਨਾ ਪਈ ਕਿ ਉਹਨੂੰ ਪੁੱਛ ਲਵਾਂ ਕਿ ਫੋਨ ’ਤੇ ਕੌਣ ਹੈ। ਮੈਂ ਕੰਨ ਨਾਲ ਫੋਨ ਲਗਾ ਕੇ ਅਜੇ ਹੈਲੋ ਹੀ ਕਿਹਾ ਸੀ ਕਿ ਅੱਗੋਂ ਇੱਕ ਫ਼ਿਕਰ ਭਰੀ ਆਵਾਜ਼ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ… “ਤੂੰ ਠੀਕ ਤਾਂ ਹੈਂ ਨਾ? ਮੈਨੂੰ ਰਾਤ ਤੇਰਾ ਸੁਪਨਾ ਆਇਆ ਸੀ, ਬਈ ਤੂੰ ਕਿਸੇ ਅੱਗ ਦੇ ਭਰੇ ਖੂਹ ’ਚ ਚਲੀ ਜਾਨੀ ਐਂ। ਤੇਰਾ ਹੱਥ ਮੇਰੇ ਹੱਥ ’ਚੋਂ ਛੁੱਟ ਗਿਆ ਲੱਗਦਾ, ਤੇ ਤੇਰਾ ਸਰੀਰ ਓਸ ਅੱਗ ਦੀ ਭੱਠੀ ’ਚ ਤਪ ਰਿਹੈ। ਅੱਜ ਸਵੇਰ ਦੀ ਮੇਰੀ ਪਿੱਠ ਵੀ ਬਹੁਤ ਦੁਖੀ ਜਾਂਦੀ ਐ। ਤੇ ਜਦੋਂ ਵੀ ਮੇਰੀ ਪਿੱਠ ਦੁਖਦੀ ਹੁੰਦੀ ਐ, ਓਦੋਂ ਤੂੰ ਠੀਕ ਨਹੀਂ ਹੁੰਦੀ…” ਇਉਂ ਬਿਨਾਂ ਰੁਕੇ ਉਹ ਬੋਲੀ ਜਾ ਰਹੀ ਸੀ ਤੇ ਏਧਰ ਉਹਨੂੰ ਬੋਲਦੀ ਨੂੰ ਸੁਣ ਕੇ ਮੇਰੀਆਂ ਅੱਖਾਂ ’ਚੋਂ ਪਾਣੀ ਨਹੀਂ ਸੀ ਰੁਕ ਰਿਹਾ। ਪਤਾ ਹੈ ਕਿ ਇਹ ਫ਼ਿਕਰ ਭਰੀ ਆਵਾਜ਼ ਕਿਸ ਦੀ ਸੀ…? ਕੌਣ ਸੀ ਉਹ ਜੋ ਮੇਰੇ ਤੋਂ ਕੋਹਾਂ ਦੂਰ ਹੋ ਕੇ ਵੀ ਮੇਰਾ ਦਰਦ ਮਹਿਸੂਸ ਕਰ ਰਹੀ ਸੀ। ਕੌਣ ਸੀ ਉਹ ਜੋ ਮੇਰੇ ਤੋਂ ਦੂਰ ਹੋ ਕੇ ਵੀ ਮੇਰੇ ਇੰਨੇ ਨੇੜੇ ਸੀ? ਹੋਰ ਕੋਈ ਨਹੀਂ… ਉਹ ਮੇਰੀ ਮਾਂ ਸੀ… ਮੇਰੀ ਮਾਂ…।
– ਜਗਦੀਪ ਕੌਰ ਬਰਾੜ