ਨਿਊਯਾਰਕ, 6 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ਨੂੰ ਭਵਿੱਖ ਦੇਖਣ ਵਿਚ ‘ਅਸਮਰੱਥ’ ਕਰਾਰ ਦਿੱਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਪਿੱਛੇ (ਰੀਅਰਵਿਊ ਮਿਰਰ) ਦੇਖ ਕੇ ਭਾਰਤੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ‘ਇਕ ਤੋਂ ਬਾਅਦ ਇਕ ਹਾਦਸਿਆਂ’ ਦਾ ਕਾਰਨ ਬਣੇਗਾ। ਅਮਰੀਕਾ ਦੀ ਯਾਤਰਾ ਉਤੇ ਆਏ ਰਾਹੁਲ ਨੇ ‘ਇੰਡੀਅਨ ਓਵਰਸੀਜ਼ ਕਾਂਗਰਸ-ਯੂਐੱਸਏ’ ਵੱਲੋਂ ਐਤਵਾਰ ਇੱਥੇ ਜੈਵਿਟਸ ਸੈਂਟਰ ਵਿਚ ਕਰਵਾਏ ਇਕ ਸਮਾਗਮ ਵਿਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਕਾਂਗਰਸ ਨੇਤਾ ਨੇ ਕਿਹਾ, ‘ਸਾਡੇ ਦੇਸ਼ ਵਿਚ ਇਕ ਸਮੱਸਿਆ ਹੈ। ਭਾਜਪਾ ਤੇ ਆਰਐੱਸਐੱਸ ਨੂੰ ਤੁਸੀਂ ਕੁਝ ਵੀ ਪੁੱਛੋ, ਉਹ ਪਿੱਛੇ ਵੱਲ ਦੇਖਦੇ ਹਨ। ਭਾਜਪਾ ਤੇ ਆਰਐੱਸਐੱਸ ਭਵਿੱਖ ਦੇਖਣ ’ਚ ਅਸਮਰੱਥ ਹਨ।’ ਉਨ੍ਹਾਂ ਉੜੀਸਾ ਵਿਚ ਵਾਪਰੇ ਰੇਲ ਹਾਦਸੇ ਦਾ ਜ਼ਿਕਰ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਜੇਕਰ ਤੁਸੀਂ ਭਾਜਪਾ ਨੂੰ ਪੁੱਛੋਗੇ ਕਿ ਰੇਲ ਹਾਦਸਾ ਕਿਉਂ ਹੋਇਆ, ਤਾਂ ਉਹ ਕਹਿਣਗੇ ਕਿ ਕਾਂਗਰਸ ਪਾਰਟੀ ਨੇ 50 ਸਾਲ ਪਹਿਲਾਂ ਅਜਿਹਾ ਕੁਝ ਕੀਤਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਭਾਜਪਾ ਨੂੰ ਪੁੱਛੋਗੇ ਕਿ ਉਨ੍ਹਾਂ ਪਾਠ ਪੁਸਤਕਾਂ ਤੋਂ ‘ਪੀਰਿਔਡਿਕ ਟੇਬਲ’ ਕਿਉਂ ਹਟਾਇਆ, ਤਾਂ ਉਹ ਕਾਂਗਰਸ ਪਾਰਟੀ ਵੱਲੋਂ 60 ਸਾਲ ਪਹਿਲਾਂ ਕੀਤੇ ਗਏ ਕਿਸੇ ਕੰਮ ਦਾ ਜ਼ਿਕਰ ਕਰਨਗੇ। ਰਾਹੁਲ ਨੇ ਕਿਹਾ, ‘ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਨ ਦੀ ਹੁੰਦੀ ਹੈ।’ ਰਾਹੁਲ ਨੇ ਕਿਹਾ ਕਿ ਕੋਈ ‘ਰੀਅਰਵਿਊ ਮਿਰਰ’ ਦੇਖ ਕੇ ਕਾਰ ਨਹੀਂ ਚਲਾ ਸਕਦਾ, ਕਿਉਂਕਿ ਇਸ ਨਾਲ ਤਾਂ ਕੇਵਲ ‘ਇਕ ਤੋਂ ਬਾਅਦ ਇਕ ਹਾਦਸੇ ਹੀ ਹੋਣਗੇ।’ ਉਨ੍ਹਾਂ ਕਿਹਾ, ‘ਇਹੀ ਨਰਿੰਦਰ ਮੋਦੀ ਨਾਲ ਹੋ ਰਿਹਾ ਹੈ। ਉਹ ਭਾਰਤੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕੇਵਲ ਪਿੱਛੇ ਦੇਖਣ ਵਾਲਾ ਸ਼ੀਸ਼ਾ (ਰਿਅਰਵਿਊ ਮਿਰਰ) ਦੇਖਦੇ ਹਨ। ਭਾਜਪਾ ਤੇ ਆਰਐੱਸਐੱਸ ਦੇ ਨਾਲ ਵੀ ਇਹੀ ਸਮੱਸਿਆ ਹੈ।’ ਰਾਹੁਲ ਨੇ ਕਿਹਾ ਕਿ ਤੁਸੀਂ ਭਾਵੇਂ ਪ੍ਰਧਾਨ ਮੰਤਰੀ ਦੀ ਗੱਲ ਸੁਣੋ ਜਾਂ ਉਨ੍ਹਾਂ ਦੇ ਮੰਤਰੀਆਂ ਦੀ, ਉਹ ਭਵਿੱਖ ਬਾਰੇ ਗੱਲ ਕਰ ਹੀ ਨਹੀਂ ਸਕਣਗੇ। ਉਹ ਕੇਵਲ ਅਤੀਤ ਦੀ ਗੱਲ ਕਰਦੇ ਹਨ ਤੇ ਅਤੀਤ ਤੋਂ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਹਨ। ਰਾਹੁਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਜਦ ਰੇਲ ਹਾਦਸਾ ਹੋਇਆ ਸੀ ਤਾਂ ਮੰਤਰੀ ਨੇ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਉਨ੍ਹਾਂ ਸੰਵਿਧਾਨ ਤੇ ਲੋਕਤੰਤਰ ਦੀ ਅਹਿਮੀਅਤ ਦੀ ਗੱਲ ਵੀ ਕੀਤੀ। ਕਾਂਗਰਸ ਆਗੂ ਨੇ ਦੇਸ਼ ਵਿਚ ਵਧੀ ਬੇਰੁਜ਼ਗਾਰੀ ਤੇ ਚੀਨ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ।