ਦੁਬਈ:ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ‘ਸੁਪਰ ਬਾਕਸਿੰਗ ਲੀਗ’ ਦੀ ‘ਕ੍ਰਿਪਟੋ ਫਾਈਟ ਨਾਈਟ’ ਵਿੱਚ ਇੱਥੇ ਕਾਂਗੋ ਦੇ ਬੇਬੇ ਰਿਕੋ ਤਸ਼ੀਬਾਂਗੂ ਖ਼ਿਲਾਫ਼ ਨਾਕਆਊਟ ਜਿੱਤ ਦਰਜ ਕੀਤੀ। ਗੋਇਤ ਨੇ ਬੀਤੀ ਰਾਤ ਆਪਣੇ ਮੁਕਾਬਲੇ ਦੇ ਤੀਜੇ ਗੇੜ ਵਿੱਚ ਹੀ ਜਿੱਤ ਹਾਸਲ ਕੀਤੀ। ਨੀਰਜ ਵੇਲਟਰਵੇਟ (63-67 ਕਿਲੋ ਭਾਰ ਵਰਗ) ਵਿੱਚ ਪਿਛਲੇ ਤਿੰਨ ਸਾਲ ਤੋਂ ਜੇਤੂ ਚੱਲ ਰਿਹਾ ਹੈ। ਉਸ ਨੇ ਜਿੱਤ ਮਗਰੋਂ ਇੱਕ ਵਾਰ ਫਿਰ ਬਰਤਾਨੀਆ ਦੇ ਪ੍ਰੋਫੈਸ਼ਨਲ ਮੁੱਕੇਬਾਜ਼ ਆਮਿਰ ਖ਼ਾਨ ਨੂੰ ਮੁਕਾਬਲੇ ਲਈ ਚੁਣੌਤੀ ਦਿੱਤੀ ਹੈ। ਪਾਕਿਸਤਾਨੀ ਮੂਲ ਦੇ ਆਮਿਰ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਓਲੰਪਿਕ ਤਗ਼ਮਾ ਜੇਤੂ ਆਮਿਰ ਨੇ ਕਿਹਾ, ‘‘ਮੀਡੀਆ ਤੇ ਪ੍ਰਸ਼ੰਸਕਾਂ ਵਿੱਚ ਇਸ ਦੀ ਚਰਚਾ ਹੈ। ਜਦੋਂ ਅਜਿਹਾ ਹੋਵੇਗਾ ਤਾਂ ਇਹ ਸਭ ਤੋਂ ਵੱਧ ਦਿਲਚਸਪ ਮੁਕਾਬਲਾ ਹੋਵੇਗਾ।’’