ਮੁੰਬਈ:ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ ਅਤੇ ਇਸ ਸਬੰਧੀ ਆਗਾਮੀ 9 ਅਪਰੈਲ ਤੋਂ ਉਸ ਦਾ ਟੂਰ ‘ਬੌਰਨ ਟੂ ਸ਼ਾਈਨ’ ਸ਼ੁਰੂ ਹੋਣ ਜਾ ਰਿਹਾ ਹੈ। ਕਰੋਨਾ ਤੋਂ ਬਾਅਦ ਉਹ ਪਹਿਲੀ ਵਾਰ ਟੂਰ ’ਤੇ ਜਾਵੇਗਾ। ਇਹ ਟੂਰ ਗੁਗੂਗ੍ਰਾਮ ਦੇ ਬੈਕਯਾਰਡ ਸਪੋਰਟਸ ਕਲੱਬ ਤੋਂ ਸ਼ੁਰੂ ਕੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੱਕ ਜਾਵੇਗਾ। ਦਿਲਜੀਤ ਨੇ ਕਿਹਾ, ‘‘ਸਾਰੇ ਕਲਾਕਾਰਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਮੌਕੇ ਦੀ ਉਡੀਕ ਕਰਨੀ ਪਈ ਹੈ ਕਿਉਂਕਿ ਕਰੋਨਾ ਮਹਾਮਾਰੀ ਕਾਰਨ ਇਹ ਸੰਭਵ ਨਹੀਂ ਸੀ। ਮੈਂ ਸਟੇਜ ’ਤੇ ਵਾਪਸੀ ਕਰਨ ਤੋਂ ਵੱਧ ਹੋਰ ਕਿਸੇ ਗੱਲੋਂ ਖੁਸ਼ ਨਹੀਂ ਹੋ ਸਕਦਾ।’’ ਇਹ ਟੂਰ ‘ਸਾਰੇਗਾਮਾ ਲਾਈਵ’ ਅਤੇ ‘ਰੀਅਲਮੀ’ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਸ ਬਾਰੇ ਉਸ ਨੇ ਕਿਹਾ, ‘‘ਸਟੇਜ ’ਤੇ ਲੋਕਾਂ ਦਾ ਮਨੋਰੰਜਨ ਕਰਨਾ ਅਤੇ ਉਨ੍ਹਾਂ ’ਚ ਉਤਸ਼ਾਹ ਪੈਦਾ ਕਰਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਜਿਸ ਕਿਸੇ ਨੂੰ ਵੀ ਸੰਗੀਤ ਨਾਲ ਪਿਆਰ ਹੈ, ਉਹ ਸਾਰੇਗਾਮਾ ਅਤੇ ਇਸ ਦੀ ਸੰਗੀਤਕ ਅਮੀਰੀ ਨੂੰ ਜਾਣਦਾ ਹੈ।’’

ਸਾਰੇਗਾਮਾ ਇੰਡੀਆ ਦੇ ਅਧਿਕਾਰੀ ਸਿਧਾਰਥ ਆਨੰਦ ਕੁਮਾਰ ਨੇ ਕਿਹਾ, ‘‘ਦਿਲਜੀਤ ਨੂੰ ਸਟੇਜ ’ਤੇ ਸਮਾਂ ਬੰਨ੍ਹਣਾ ਆਉਂਦਾ ਹੈ। ਮਹਾਮਾਰੀ ਤੋਂ ਬਾਅਦ ਦਿਲਜੀਤ ਦੇ ਪਹਿਲੇ ਟੂਰ ’ਤੇ ਉਸ ਨਾਲ ਜੁੜਨਾ ਖ਼ੁਸ਼ੀ ਦੀ ਗੱਲ ਹੈ।’’