ਕੀਵ, 2 ਨਵੰਬਰ

ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਊਰਜਾ ਏਜੰਸੀ ਦੇ ਮਾਹਿਰਾਂ ਨੇ ਯੂਕਰੇਨ ਵੱਲੋਂ ‘ਡਰਟੀ ਬੰਬ’ ਬਣਾਏ ਜਾਣ ਦੇ ਰੂਸ ਦੇ ਦਾਅਵਿਆਂ ਦੀ ਜਾਂਚ ਵਿੱਢ ਦਿੱਤੀ ਹੈ। ਮਾਹਿਰਾਂ ਨੇ ਦੋ ਟਿਕਾਣਿਆਂ ਦੀ ਜਾਂਚ ਕੀਤੀ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਮੁਖੀ ਰਾਫ਼ੇਲ ਗਰੌਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਵਿੱਚ ਦੋ ਟਿਕਾਣਿਆਂ ’ਤੇ ਜਾਂਚ ਸ਼ੁਰੂ ਹੋ ਚੁੱਕੀ ਹੈ, ਜੋ ਜਲਦੀ ਹੀ ਪੂਰੀ ਹੋ ਜਾਵੇਗੀ। ਰੂਸ ਵੱਲੋਂ ਲਾਏ ਦੋਸ਼ਾਂ ਮਗਰੋਂ ਕੀਵ ਨੇ ਤਫ਼ਤੀਸ਼ ਕਰਵਾਏ ਜਾਣ ਦੀ ਅਪੀਲ ਕੀਤੀ ਸੀ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਣੇ ਸਿਖਰਲੇ ਰੂਸੀ ਅਧਿਕਾਰੀਆਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਦੋਸ਼ ਲਾਏ ਸਨ ਕਿ ਯੂਕਰੇਨ ਪ੍ਰਮਾਣੂ ਬਾਲਣ ਨਾਲ ਲੈਸ ‘ਡਰਟੀ ਬੰਬ’ ਵਰਤਣ ਦੀ ਤਿਆਰੀ ਕਰ ਰਿਹਾ ਹੈ। ਰੂਸ ਦੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਵੈਸਿਲੀ ਨੇਬੈਨਜ਼ੀਆ ਨੇ ਪਿਛਲੇ ਹਫਤੇ ਸਲਾਮਤੀ ਕੌਂਸਲ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਯੂਕਰੇਨ ਦੀ ਪ੍ਰਮਾਣੂ ਖੋਜ ਫੈਸਿਲਟੀ ਤੇ ਮਾਈਨਿੰਗ ਕੰਪਨੀ ਨੂੰ ਕਥਿਤ ‘ਡਰਟੀ ਬੰਬ’ ਤਿਆਰ ਕਰਨ ਲਈ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਤੋਂ ਸਿੱਧੀਆਂ ਹਦਾਇਤਾਂ ਮਿਲੀਆਂ ਹਨ। ਪੱਛਮੀ ਮੁਲਕਾਂ ਨੇ ਹਾਲਾਂਕਿ ਰੂਸ ਦੇ ਇਸ ਦਾਅਵੇ ਨੂੰ ‘ਸਰਾਸਰ ਝੂਠ’ ਕਰਾਰ ਦਿੱਤਾ ਸੀ।ਆਈਏਈਏ ਨੇ ਕਿਹਾ ਕਿ ਜਾਂਚ ਅਧੀਨ ਦੋਵਾਂ ਟਿਕਾਣਿਆਂ ’ਤੇ ੲੇਜੰਸੀ ਨੇਮਾਂ ਤਹਿਤ ਪੂਰੀ ਸੁਰੱਖਿਆ ਵਰਤੀ ਜਾ ਰਹੀ ਹੈ। ਆਈਏਈਏ ਇੰਸਪੈਕਟਰ, ਜੋ ਨਿਯਮਤ ਤੌਰ ’ਤੇ ਟਿਕਾਣਿਆਂ ਦਾ ਦੌਰਾ ਕਰਦਾ ਹੈ, ਦਾ ਮਿਸ਼ਨ ਅਣਐਲਾਨੀਆਂ ਪ੍ਰਮਾਣੂ ਸਰਗਰਮੀਆਂ ਦੇ ਨਾਲ ਡਰਟੀ ਬੰਬ ਤਿਆਰ ਕਰਨ ਨਾਲ ਜੁੜੀ ਸਾਰੀ ਸਮੱਗਰੀ ਦਾ ਪਤਾ ਲਾਉਣਾ ਹੈ। ਏਜੰਸੀ ਨੇ ਇਕ ਬਿਆਨ ਵਿੱਚ ਕਿਹਾ, ‘‘ਆਈਏਈਏ ਨੇ ਮਹੀਨਾ ਪਹਿਲਾਂ ਦੋ ਟਿਕਾਣਿਆਂ ’ਚੋਂ ਇਕ ਦਾ ਮੁਆਇਨਾ ਕੀਤਾ ਸੀ ਤੇ ਉਥੋਂ ਅਜਿਹੀ ਕੋਈ ਅਣਐਲਾਨੀ ਪ੍ਰਮਾਣੂ ਸਰਗਰਮੀ ਜਾਂ ਸਮੱਗਰੀ ਨਜ਼ਰ ਨਹੀਂ ਆਈ।’’ ਇਸ ਦੌਰਾਨ ਮਾਇਕੋਲੇਵ ਦੇ ਦੱਖਣੀ ਸ਼ਹਿਰ ’ਤੇ ਅੱਧੀ ਰਾਤ ਨੂੰ ਚਾਰ ਰੂਸੀ ਮਿਜ਼ਾਈਲਾਂ ਦੇ ਹਮਲੇ ਵਿੱਚ ਇਕ ਵਿਅਕਤੀ ਮਾਰਿਆ ਗਿਆ ਤੇ ਕਈ ਇਮਾਰਤਾਂ ਤਬਾਹ ਹੋ ਗਈਆਂ। ਮੰਗਲਵਾਰ ਨੂੰ ਉੱਤਰਪੂਰਬੀ ਯੂਕਰੇਨ ਦੇ ਪੋਲਟਾਵਾ ਵਿੱਚ ਹੋਏ ਧਮਾਕਿਆਂ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਚਾਰ ਰੂਸੀ ਡਰੋਨਾਂ ਦੇ ਆਮ ਵਸੋਂ ਵਾਲੀਆਂ ਇਮਾਰਤਾਂ ਵਿੱਚ ਡਿੱਗਣ ਕਰਕੇ ਅੱਗ ਭੜਕ ਗਈ ਸੀ।