ਟੋਰਾਂਟੋ/ਸਟਾਰ ਨਿਊਜ਼:- ਕੈਨੇਡਾ ‘ਚ 21 ਅਕਤੂਬਰ ਨੂੰ 43ਵੀਂ ਸੰਸਦੀ ਚੋਣਾਂ ਹੋਣੀਆਂ ਹਨ, ਜਿਸ ਲਈ ਚੋਣ ਮੈਦਾਨ ਭਖ ਗਿਆ ਹੈ। ਕੈਨੇਡਾ ‘ਚ ਵੱਡੀ ਗਿਣਤੀ ‘ਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਜੋ ਕਿ ਇੱਥੋਂ ਦੀ ਸਿਆਸਤ ‘ਚ ਆਪਣਾ ਵੱਡਾ ਯੋਗਦਾਨ ਪਾਉਂਦਾ ਹੈ। ਇਸ ਵਾਰ ਇਹ ਚੋਣਾਂ ਬਹੁਤ ਦਿਲਚਸਪ ਹਨ ਕਿਉਂਕਿ 50 ਤੋਂ ਵਧੇਰੇ ਪੰਜਾਬੀ ਚੋਣ ਮੈਦਾਨ ‘ਚ ਨਿੱਤਰੇ ਹਨ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਅਹੁਦੇ ‘ਤੇ ਮੁੜ ਕਾਬਜ ਹੋਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਦੀ ਕੈਬਨਿਟ ‘ਚ ਕਈ ਪੰਜਾਬੀ ਮੰਤਰੀ ਸਨ। ਕੁੱਲ 338 ਮੈਂਬਰੀ ਸੰਸਦ ਲਈ ਚੋਣਾਂ ਹੋਣੀਆਂ ਹਨ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ, ਕੰਜ਼ਰਵਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ ਤੇ ਗ੍ਰੀਨ, ਪੀਪਲਜ਼ ਪਾਰਟੀਂ ਸਮੇਤ ਕਈ ਹੋਰ ਪਾਰਟੀਆਂ ਇਨ੍ਹਾਂ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰ ਰਹੀਆਂ ਹਨ। ਕੈਨੇਡਾ ਦੀ 42ਵੀਂ ਸੰਸਦ ‘ਚ ਵੀ ਕਾਫੀ ਪੰਜਾਬੀ ਮੂਲ ਮੈਂਬਰ ਸਨ ਤੇ ਇਹ ਸਭ ਮੁੜ ਆਪਣੀ ਸਾਖ ਬਚਾਉਣ ਲਈ ਕੋਸ਼ਿਸ਼ਾਂ ‘ਚ ਜੁਟੇ ਹਨ। ਵਿਦੇਸ਼ਾਂ ‘ਚ ਰਹਿੰਦੇ ਕੈਨੇਡੀਅਨ ਨਾਗਰਿਕ ਖਾਸ ਤੌਰ ‘ਤੇ ਕੈਨੇਡਾ ਪੁੱਜ ਰਹੇ ਹਨ ਤਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ ਉਹ ਵੀ ਖਾਸ ਭੂਮਿਕਾ ਨਿਭਾਉਣ। ਕਈ ਥਾਵਾਂ ‘ਤੇ ਸੰਸਦ ਮੈਂਬਰਾਂ ਦੀ ਚੋਣ ਲਈ ਖੜ੍ਹੇ ਪੰਜਾਬੀ ਹੀ ਪੰਜਾਬੀਆਂ ਨੂੰ ਟੱਕਰ ਦੇ ਰਹੇ ਹਨ।
ਬਰੈਂਪਟਨ ਤੇ ਸਰੀ ਪੰਜਾਬੀਆਂ ਦਾ ਗੜ੍ਹ ਹੋਣ ਕਾਰਨ ਮੈਦਾਨੀ ਜੰਗ ਨਾਲ ਭਖ ਰਿਹਾ ਹੈ। ਉਮੀਦਵਾਰ ਲੋਕਾਂ ਦੇ ਘਰਾਂ ‘ਚ ਜਾ-ਜਾ ਕੇ ਵੋਟ ਅਪੀਲ ਕਰ ਰਹੇ ਹਨ। ਬਰੈਂਪਟਨ ਵੈੱਸਟ ਅਤੇ ਬਰੈਂਪਟਨ ਸਾਊਥ ਤੋਂ 8 ਪੰਜਾਬੀ ਇਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਬਰੈਂਪਟਨ ਵੈੱਸਟ ਤੋਂ ਐੱਮ ਪੀ ਕਮਲ ਖਹਿਰਾ (ਲਿਬਰਲ ਪਾਰਟੀ), ਨਵਜੀਤ ਕੌਰ ਬਰਾੜ (ਐੱਨ.ਡੀ ਪੀ.). ਹਰਿੰਦਰਪਾਲ ਹੁੰਦਲ (ਕਮਿਊਨਿਸਟ ਪਾਰਟੀ), ਮੁਰਾਰੀਲਾਲ (ਕੰਜ਼ਰਵੇਟਿਵ ਪਾਰਟੀ) ਤੋਂ ਇਕ-ਦੂਜੇ ਦੇ ਸਾਹਮਣੇ ਹਨ।
ਬਰੈਂਪਟਨ ਸਾਊਥ ਤੋਂ ਐੱਮ ਪੀ ਸੋਨੀਆ ਸਿੱਧੂ (ਲਿਬਰਲ ਪਾਰਟੀ), ਰਮਨਦੀਪ ਬਰਾੜ (ਕੰਜ਼ਰਵਟਿਵ ਪਾਰਟੀ), ਮਨਦੀਪ ਕੌਰ (ਐੱਨ. ਡੀ. ਪੀ.), ਅਤੇ ਰਾਜਵਿੰਦਰ ਘੁੰਮਣ (ਪੀ. ਪੀ. ਸੀ.) ਤੋਂ ਮੈਦਾਨ ‘ਚ ਹਨ।
ਬਰੈਂਪਟਨ ਸੈਂਟਰ ਤੋਂ ਐੱਮ ਪੀ ਰਮੇਸ਼ ਸੰਘਾ (ਲਿਬਰਲ ਪਾਰਟੀ), ਪਵਨਜੀਤ ਗੋਸਲ (ਕੰਜ਼ਰਵਟਿਵ ਪਾਰਟੀ) ਅਤੇ ਬਲਜੀਤ ਬਾਵਾ (ਪੀ ਪੀ ਸੀ) ਤੋਂ ਚੋਣ ਲੜ ਰਹੇ ਹਨ।
ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ (ਲਿਬਰਲ ਪਾਰਟੀ), ਰੋਮਾਨਾ ਸਿੰਘ (ਕੰਜ਼ਰਵਟਿਵ ਪਾਰਟੀ), ਸਰਨਜੀਤ ਸਿੰਘ (ਐੱਨ ਡੀ ਪੀ) ਅਤੇ ਗੌਰਵ ਵਾਲੀਆ (ਪੀ ਪੀ ਸੀ) ਤੋਂ ਇਕ-ਦੂਜੇ ਨੂੰ ਚੋਣ ਮੈਦਾਨ ‘ਚ ਟੱਕਰ ਦੇਣਗੇ।
ਬਰੈਂਪਟਨ ਨਾਰਥ ਤੋਂ ਐੱਮ ਪੀ ਰੂਬੀ ਸਹੋਤਾ (ਲਿਬਰਲ ਪਾਰਟੀ) ਅਤੇ ਅਰਪਨ ਖੰਨਾ (ਕੰਜ਼ਰਵੇਟਿਵ) ਟੱਕਰ ‘ਚ ਹਨ।
ਇਨ੍ਹਾਂ ਤੋਂ ਇਲਾਵਾ ਐੱਮ ਪੀ ਅਮਰਜੀਤ ਸੋਹੀ (ਲਿਬਰਲ ਪਾਰਟੀ), ਟਿਮ ਉੱਪਲ (ਕੰਜ਼ਰਵਟਿਵ) ਐਡਮਿੰਟਨ ਮਿਲ ਵੂਡਜ਼ ਤੋਂ, ਐੱਮ ਪੀæ ਬਰਦੀਸ਼ ਚੱਗਰ (ਲਿਬਰਲ ਪਾਰਟੀ) ਵਾਟਰਲੂ, ਜਗਮੀਤ ਸਿੰਘ (ਐੱਨ ਡੀ ਪੀ), ਨੀਲਮ ਬਰਾੜ (ਲਿਬਰਲ) ਬਰਨਬੀ ਸਾਊਥ ਤੋਂ, ਐੱਮਪੀ ਅਤੇ ਮੰਤਰੀ ਹਰਜੀਤ ਸਿੰਘ ਸੱਜਣ (ਲਿਬਰਲ ਪਾਰਟੀ) ਵੈਨਕੁਵਰ ਸਾਊਥ ਤੋਂ , ਐੱਮ ਪੀ ਨਵਦੀਪ ਬੈਂਸ (ਲਿਬਰਲ ਪਾਰਟੀ) ਮਿਸੀਸਾਗਾ-ਮਾਲਟਨ ਤੋਂ ਚੋਣ ਮੈਦਾਨ ‘ਚ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੱਖ-ਵੱਖ ਹਲਕਿਆਂ ਤੋਂ ਜਿਹੜੇ ਪੰਜਾਬੀ ਜਾਂ ਭਾਰਤੀ ਮੂਲ ਦੇ ਉਮੀਦਵਾਰ ਹਨ ਉਨ੍ਹਾਂ ਵਿੱਚ ਲਿਬਰਲ ਦੇ ਅਨੀਤਾ ਅਨੰਦ-ਓਕਵਿਲ, ਚੰਦਰ ਆਰੀਆ-ਨੇਪੀਅਨ, ਦੇਵ ਬਿਰਦੀ-ਸਕੀਨਅ-ਬਲਕਲੇ ਵੈਲੀ, ਸੁੱਖ ਧਾਲੀਵਾਲ-ਸਰੀ ਨਿਊਟਨ, ਅੰਜੂ ਢਿੱਲੋਂ-ਡੋਰਵੈਲ-ਲਸ਼ੀਨ-ਲਸਾਲ, ਰਨਦੀਪ ਸਰਾਏ-ਸਰੀ ਸੈਂਟਰ, ਜਤੀ ਸਿੱਧੂ-ਮਿਸ਼ਨ। ਕੰਜ਼ਰਵਟਿਵ ਪਾਰਟੀ ਦੇ ਸਨੀ ਅਟਵਾਲ-ਕੈਂਬਰਿੱਜ, ਟੀਨਾ ਬੈਂਸ-ਸਰੀ ਸੈਂਟਰ, ਨਿੱਕੀ ਕੌਰ-ਹਮਿਲਟ ਈਸਟ-ਸਟੋਨੀ ਕਰੀਕ, ਸਰਬਜੀਤ ਕੌਰ-ਈਟੋਬੀਕੋ ਨੌਰਥ, ਸ਼ਿੰਦਰ ਪੁਰੇਵਾਲ-ਫਲੀਟਵੁੱਡ-ਪੋਰਟ ਕੈਲਸ, ਜਸਵੀਨ ਰਤਨ-ਯੌਰਕ ਸਾਊਥ-ਵੈਸਟਨ, ਜਗਦੀਪ ਸਹੋਤਾ-ਕੈਲਗਰੀ ਸਕਾਈਵਿਊ, ਬੌਬ ਸਰੋਆ-ਮਾਰਖਮ-ਯੂਨੀਅਨਵਿਲ, ਹਰਪ੍ਰੀਤ ਸਿੰ-ਸਰੀ ਨਿਊਟਨ, ਬੌਬੀ ਸਿੰਘ-ਸਕਾਰਬਰੋ-ਰੋਗ ਪਾਰਕ, ਜਸਰਾਜ ਸਿੰਘ ਹਲਨ-ਕੈਲਗਰੀ ਫੌਰੈਸਟ ਲੌਨ, ਐਨ ਡੀ ਪੀ ਦੇ ਗੁਰਚਰਨ ਸਿੱਧੂ-ਕੈਲਗਰੀ ਕੰਨਫੈਡਰੇਸ਼ਨ, ਗੁਰਮੀਤ ਸਿੰਘ ਭੱਚੂ-ਕੈਲਗਰੀ ਮਿਡਨਾਪੋਰ, ਗੁਰਿੰਦਰ ਸਿੰਘ-ਕੈਲਗਰੀ ਸਕਾਈਵਿਊ, ਹਰਵਿੰਦਰ ਸੰਧੂ-ਨੌਰਥ ਓਕਾਨਗਨ, ਜਿਗਰ ਪਟੇਲ-ਰਜਾਈਨਾ-ਲੌਅਨ, ਸਰਜੀਤ ਸਰਾਂ-ਸਰੀ ਸੈਂਟਰ, ਹਰਜੀਤ ਸਿੰਘ ਗਿੱਲ-ਸਰੀ ਨਿਊਟਨ। ਇਸ ਵਾਰ ਦੀਆਂ ਦਿਲਚਸਪ ਚੋਣਾਂ ਲਈ ਕੈਨੇਡੀਅਨਾਂ ਸਮੇਤ ਪੰਜਾਬੀ ਤੇ ਹੋਰ ਵਿਦੇਸ਼ੀ ਵੀ ਕਾਫੀ ਉਤਸੁਕ ਦਿਖਾਈ ਦੇ ਰਹੇ ਹਨ।
ਪੰਜਾਬੀ ਮੂਲ ਦੇ ਖਾਸ ਚਿਹਰੇ ਰਾਜ ਗਰੇਵਾਲ, ਦਰਸ਼ਨ ਸਿੰਘ ਕੰਗ ਅਤੇ ਦੀਪਕ ਓਬਰਾਏ ਇਨ੍ਹਾਂ ਚੋਣਾਂ ‘ਚ ਦਿਖਾਈ ਨਹੀਂ ਦੇਣਗੇ।