ਮੁਕੇਰੀਆਂ, 16 ਅਗਸਤ
ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਐੱਸਡੀਐੱਮ ਅਤੇ ਡੀਐੱਸਪੀ ਮੁਕੇਰੀਆ ਨੇ ਆਜ਼ਾਦੀ ਦਿਵਸ ਮੌਕੇ ਪਰੇਡ ਤੋਂ ਸਲਾਮੀ ਲੈਣ ਵੇਲੇ ਕਥਿਤ ਜਾਅਲੀ ਨੰਬਰ ਵਾਲੀ ਜਿਪਸੀ ਦੀ ਸਵਾਰੀ ਕੀਤੀ। ਜਿਪਸੀ ’ਤੇ ਲੱਗਾ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਕਿ ਪਟਿਆਲਾ ਦੇ ਆਰਟੀਏ ਦਫ਼ਤਰ ’ਚ ਕਿਸੇ ਵਿਅਕਤੀ ਦੇ ਨਾਮ ਰਜਿਸਟਰਡ ਹੈ। ਸੂਤਰਾਂ ਅਨੁਸਾਰ ਇਹ ਜਿਪਸੀ ਪੁਲੀਸ ਦੇ ਸਾਬਕਾ ਮੁਲਾਜ਼ਮ ਦੀ ਹੈ, ਜਿਹੜੀ ਕਿ ਕਈ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਮੌਕੇ ਪ੍ਰਸ਼ਾਸਨ ਵੱਲੋਂ ਮੰਗੀ ਜਾਂਦੀ ਹੈ। ਇਸ ਮਾਮਲੇ ਵਿੱਚ ਐੱਸਡੀਐੱਮ ਮੁਕੇਰੀਆਂ ਅਤੇ ਡੀਐੱਸਪੀ ਮੁਕੇਰੀਆਂ ਕੋਈ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ।

ਕੱਲ੍ਹ ਪ੍ਰਸਾਸ਼ਨ ਵਲੋਂ ਸ਼ਹਿਰ ਦੇ ਆਰੀਆ ਸਕੂਲ ਵਿੱਚ ਕਰਵਾਏ ਆਜ਼ਾਦੀ ਦਿਵਸ ਸਮਾਗਮ ਵਿੱਚ ਸਲਾਮੀ ਲੈਣ ਲਈ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਵਲੋਂ ਜਿਪਸੀਰ ਪੀਬੀ 11-ਜੇ-0011 ਦੀ ਵਰਤੋਂ ਕੀਤੀ ਗਈ। ਇਹ ਨੰਬਰ ਅਪਰੈਲ 1997 ਮਾਡਲ ਪਲੇਟ ਬਜਾਜ ਚੇਤਕ ਸਕੂਟਰ ਦਾ ਹੈ, ਜਿਸ ਦੀ ਆਰਸੀ ਹਾਲੇ ਚੱਲ ਰਹੀ ਹੈ। ਇਹ ਨੰਬਰ ਪਟਿਆਲਾ ਦੇ ਆਰਟੀਏ ਦਫ਼ਤਰ ਵਿਖੇ ਮੌਜੂਦਾ ਸਮੇਂ ਵਿੱਚ ਵੀ ਰਜਿਸਟਰਡ ਹੈ। ਸੂਤਰਾਂ ਅਨੁਸਾਰ ਜਿਪਸੀ ਸਾਬਕਾ ਪੁਲੀਸ ਮੁਲਾਜ਼ਮ ਦੀ ਹੈ, ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਗਣਤੰਤਰ ਦਿਵਸ ਅਤੇ ਆਜਾਦੀ ਸਮਾਗਮਾਂ ਮੌਕੇ ਉਧਾਰੀ ਮੰਗੀ ਜਾਂਦੀ ਹੈ ਪਰ ਕਦੇ ਵੀ ਪ੍ਰਸ਼ਾਸਨ ਨੇ ਮੁਫ਼ਤ ’ਚ ਮਿਲਦੀ ਇਸ ਗੱਡੀ ਦੇ ਕਾਗਜ਼ਾਤ ਦੀ ਜਾਂਚ ਨਹੀਂ ਕੀਤੀ। ਆਰਟੀਏ ਪਟਿਆਲਾ ਬਬਨਦੀਪ ਸਿੰਘ ਨੇ ਕਿਹਾ ਕਿ ਪੀਬੀ 11 ਜੇ-0011 ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਕਿ ਸਤਵਿੰਦਰ ਸਿੰਘ ਦੇ ਨਾਮ ’ਤੇ ਪਟਿਆਲਾ ਵਿਖੇ ਰਜਿਸਟਰਡ ਹੈ। ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਜਿਪਸੀ ਕਿਸ ਦੀ ਹੈ। ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਪ੍ਰਸ਼ਾਸਨ ਵਲੋਂ ਕਰਨ ’ਤੇ ਉਨ੍ਹਾਂ ਫੋਨ ਕੱਟ ਦਿੱਤਾ। ਡੀਐੱਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਵਲੋਂ ਅਜਿਹੇ ਸਮਾਗਮਾਂ ਮੌਕੇ ਜਿਪਸੀ ਮੁਹੱਈਆ ਨਹੀਂ ਕਰਵਾਈ ਜਾਂਦੀ। ਇਸ ਲਈ ਇਹ ਕਿਸੇ ਜਾਣਕਾਰ ਕੋਲੋਂ ਸਮਾਗਮ ਲਈ ਲਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਪਸੀ ’ਤੇ ਜਾਅਲੀ ਨੰਬਰ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ।