ਕ੍ਰਿਕਟ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਗਲੈਂਡ ਸਪਿਨ ਗੇਂਦਬਾਜ਼ Josh Baker ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਿਰਫ 20 ਸਾਲ ਦੀ ਉਮਰ ਵਿਚ ਹੀ ਆਖਰੀ ਸਾਹ ਲਏ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਇਸ ਘਟਨਾ ਨਾਲ ਪੂਰੇ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਬੇਕਰ ਦਾ ਦੇਹਾਂਤ ਉਨ੍ਹਾਂ ਦੇ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। 16 ਮਈ ਨੂੰ ਉਨ੍ਹਾਂ ਨੇ ਆਪਣਾ 21ਵਾਂ ਜਨਮ ਦਿਨ ਮਨਾਉਣਾ ਸੀ। ਵਰਸੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੀ ਤਰਫੋਂ ਕਿਹਾ ਗਿਆ ਕਿ ਜੋਸ਼ ਬੇਕਰ ਦੇ ਬੇਵਕਤੀ ਦੇਹਾਂਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਕਲੱਬ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਈਲਸ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਜੋਸ਼ ਦੇ ਦਿਹਾਂਤ ਦੀ ਖਬਰ ਨੇ ਸਾਨੂੰ ਸਾਰਿਆਂ ਨੂੰ ਦੁਖੀ ਕੀਤਾ ਹੈ। ਜੋਸ਼ ਇੱਕ ਟੀਮ ਦੇ ਸਾਥੀ ਤੋਂ ਵੀ ਵੱਧ ਸੀ, ਉਹ ਸਾਡੇ ਕ੍ਰਿਕਟ ਪਰਿਵਾਰ ਦਾ ਇੱਕ ਅਨਿੱਖੜਵਾਂ ਅੰਗ ਸੀ। ਅਸੀਂ ਸਾਰੇ ਉਸਨੂੰ ਬਹੁਤ ਯਾਦ ਕਰਾਂਗੇ। ਸਾਡੇ ਸਾਰੇ ਪਿਆਰ ਅਤੇ ਪ੍ਰਾਰਥਨਾਵਾਂ ਜੋਸ਼ ਦੇ ਪਰਿਵਾਰ ਅਤੇ ਦੋਸਤਾਂ ਲਈ ਹਨ। ਦੱਸ ਦੇਈਏ ਕਿ ਬੀਤੇ ਦਿਨ ਖੇਡੇ ਮੈਚ ‘ਚ ਟੀਮ ਲਈ ਬੇਕਰ ਨੇ 3 ਵਿਕਟਾਂ ਲਈਆਂ ਸਨ ।