ਭਾਰਤੀ ਮਹਿਲਾ ਤੇ ਪੁਰਸ਼ ਰਿਲੇ ਟੀਮ ਨੇ 4×400 ਮੀਟਰ ਰਿਲੇ ਵਿੱਚ ਪੈਰਿਸ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ ਹੈ। ਸੋਮਵਾਰ ਨੂੰ ਬਹਾਮਾਸ ਵਿੱਚ ਚੱਲ ਰਹੀ ਵਿਸ਼ਵ ਐਥਲੈਟਿਕਸ ਰਿਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਦੂਜੇ ਦੌਰ ਦੀ ਹੀਟ ਵਿੱਚ ਦੂਜੇ ਸਥਾਨ ‘ਤੇ ਰਹੀ। ਉੱਥੇ ਹੀ ਪੁਰਸ਼ ਟੀਮ ਨੇ ਵੀ ਆਪਣੇ ਦੂਜੇ ਹੀਟ ਵਿੱਚ ਦੂਜੇ ਸਥਾਨ ‘ਤੇ ਰਹਿ ਕੇ ਪੈਰਿਸ ਦੇ ਲਈ ਕੁਆਲੀਫਾਈ ਕਰ ਲਿਆ। ਮਹਿਲਾਵਾਂ ਦੀ 4×400 ਮੀਟਰ ਰਿਲੇ ਵਿੱਚ ਰੂਪਲ ਚੌਧਰੀ, ਐੱਮਆਰ ਪੂਵੰਮਾ, ਜਿਯੋਤਿਕਾ ਸ਼੍ਰੀ ਦਾਂਡੀ ਤੇ ਸੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3 ਮਿੰਟ ਤੇ 29.35 ਸੈਕਿੰਡ ਦਾ ਸਮਾਂ ਲਿਆ ਤੇ ਦੂਜੇ ਸਥਾਨ ‘ਤੇ ਰਹੀ। ਉੱਥੇ ਹੀ ਜਮੈਕਾ ਦੀ ਟੀਮ 3.28.54 ਦੇ ਨਾਲ ਪਹਿਲੇ ਸਥਾਨ ‘ਤੇ ਰਹੀ। ਉੱਥੇ ਹੀ ਪੁਰਸ਼ਾਂ ਦੇ 4×400 ਮੀਟਰ ਰਿਲੇ ਵਿੱਚ ਮੁਹੰਮਦ ਅਨਸ ਯਾਹਿਆ, ਮੁਹੰਮਦ ਅਜਮਲ, ਅਰੋਕਿਆ ਰਾਜੀਵ ਤੇ ਅਮੋਜ ਜੈਕਬ ਦੀ ਟੀਮ ਨੇ 3 ਮਿੰਟ ਤੇ 3.23 ਸੈਕਿੰਡ ਦਾ ਸਮਾਂ ਲੈ ਕੇ ਆਪਣੀ ਹੀਟ ਵਿੱਚ ਦੂਜੇ ਸਥਾਨ ‘ਤੇ ਰਹੇ। ਜਦਕਿ USA ਦੀ ਪੁਰਸ਼ ਟੀਮ 2.59.9 ਸਮੇਂ ਦੇ ਨਾਲ ਪਹਿਲੇ ਸਥਾਨ ‘ਤੇ ਰਹੀ।
ਦੱਸ ਦੇਈਏ ਕਿ ਪੁਰਸ਼ ਟੀਮ ਕੁਆਲੀਫਾਇੰਗ ਹੀਟ ਦੇ ਪਹਿਲੇ ਦੌਰ ਵਿੱਚ ਦੌੜ ਖਤਮ ਕਰਨ ਵਿੱਚ ਨਾਕਾਮ ਰਹੀ ਸੀ ਕਿਉਂਕਿ ਸੈਕਿੰਡ ਲੇਗ ਰਨਰ ਰਮੇਸ਼ ਨੂੰ ਕਰੈਂਪਸ ਦੇ ਕਾਰਨ ਬਹੁਤ ਹਟਣਾ ਪਿਆ ਸੀ। ਇਸ ਕੋਟਾ ਦੇ ਨਾਲ ਹੀ ਭਾਰਤ ਦੇ ਪੈਰਿਸ ਓਲੰਪਿਕ ਵਿੱਚ 19 ਟ੍ਰੈਕ ਐਂਡ ਫੀਲਡ ਐਥਲੀਟ ਹੋ ਗਏ ਹਨ ਜਿਸ ਵਿੱਚ ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਜੈਵਲਿਨ ਥਰੋਅ ਐਥਲੀਟ ਨੀਰਜ ਚੋਪੜਾ ਵੀ ਸ਼ਾਮਿਲ ਹਨ। ਪੈਰਿਸ ਓਲੰਪਿਕ ਵਿੱਚ ਐਥਲੈਟਿਕਸ ਈਵੈਂਟ ਇੱਕ ਅਗਸਤ ਤੋਂ ਸ਼ੁਰੂ ਹੋਣਗੇ।