ਰੋਪੜ – ਰੋਪੜ ਪੁਲਿਸ ਵੱਲੋਂ ਦਰਜ ਕੀਤਾ ਗਿਆ ਹਨੀ ਟ੍ਰੈਪ ਦਾ ਮਾਮਲਾ ਕਾਫ਼ੀ ਹਾਈ ਪ੍ਰੋਫਾਈਲ ਬਣਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦਿਲਜੀਤ ਸਿੰਘ ਤੋਂ ਬਾਅਦ ਹੁਣ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਚ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ, ਇਕ ਮਹਿਲਾ ਵਕੀਲ ਅਤੇ ਭਾਜਪਾ ਦੀ ਇਕ ਮਹਿਲਾ ਨੇਤਾ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਦਿਲਹਰਜੀਤ ਸਿੰਘ ਸਮੇਤ ਉਸ ਦੀ ਵਕੀਲ ਪਤਨੀ ਪ੍ਰਦੀਪ ਕੌਰ, ਪੁੱਤਰ ਅਭਿਨੂਰ ਮਿਰਜ਼ਾ, ਰੋਹਿਤ ਸੁਲਤਾਨ, ਭਾਜਪਾ ਆਗੂ ਸੋਨੀਆ ਸ਼ਰਮਾ ਅਤੇ ਇੰਸਪੈਕਟਰ ਪਰਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਕਈ ਲੋਕਾਂ ਨੇ ਪੁਲਸ ਕੋਲ ਪਹੁੰਚ ਕੇ ਦੱਸਿਆ ਕਿ ਦਿਲਜੀਤ ਦੇ ਗਰੁੱਪ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਬਲੈਕਮੇਲ ਕੀਤੇ। ਇਸ ਹਨੀ ਟਰੈਪ ‘ਚ 7 ਅਜਿਹੇ ਲੋਕ ਪੁਲਿਸ ਤੱਕ ਪਹੁੰਚੇ, ਜਿਨ੍ਹਾਂ ਦੇ ਲੱਖਾਂ ਰੁਪਏ ਫਸੇ ਹੋਏ ਹਨ।

ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਲਈ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਕੇਸ ਵਿਚ ਨਾਮਜ਼ਦ ਇੰਸਪੈਕਟਰ ਪਰਮਿੰਦਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ ਦੇ ਚਨਾ ਕਾਠਗੜ੍ਹ ਵਿਚ ਉਸ ਸਮੇਂ ਐਸਐਚਓ ਵਜੋਂ ਤਾਇਨਾਤ ਸੀ ਅਤੇ ਹਨੀ ਟਰੈਪ ਵਿਚ ਫਸੇ ਲੋਕਾਂ ’ਤੇ ਕੇਸ ਦਰਜ ਕਰਨ ਲਈ ਦਬਾਅ ਪਾਉਂਦਾ ਸੀ ਅਤੇ ਪੈਸੇ ਦੇਣ ਲਈ ਕਹਿੰਦਾ ਸੀ।

ਦਿਲਜੀਤ ਕੁਝ ਔਰਤਾਂ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਹੜੱਪਦਾ ਸੀ। ਪੁਲਿਸ ਜਾਂਚ ‘ਚ ਹੁਣ ਤੱਕ 55 ਲੱਖ ਰੁਪਏ ਦੀ ਬਲੈਕਮੇਲਿੰਗ ਦਾ ਖੁਲਾਸਾ ਹੋਇਆ ਹੈ, ਜਦਕਿ ਹੋਰ ਰਕਮ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਧੋਖਾਧੜੀ ਕਰੀਬ 1 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ।