ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 25 ਸਾਲਾ ਨੌਜਵਾਨ ਦਾ ਭੇਤਭਰੇ ਹਾਲਾਤਾਂ ‘ਚ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਉਕਤ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ, ਜੋਕਿ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਮੌਤ ਦੀ ਖਬਰ ਮਿਲਦਿਆਂ ਹੀ ਜਿਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਥੇ ਹੀ ਪੂਰੇ ਪਿੰਡ ਕੋਟਲੀ ਸ਼ਾਹਪੁਰ ਵਿੱਚ ਵੀ ਸੋਗ ਪੱਸਰ ਪਿਆ। ਮ੍ਰਿਤਕ ਦੇ ਚਾਚੇ ਦੇ ਮੁੰਡੇ ਅਤੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਕੇ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਬਤੌਰ ਸਕਿਓਰਿਟੀ ਦਾ ਕੰਮ ਕਰਦਾ ਸੀ।
ਬੀਤੇ ਦਿਨ ਹੀ ਉਸ ਦੇ ਇਕ ਦੋਸਤ ਨੂੰ ਫ਼ੋਨ ‘ਤੇ ਖਬਰ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਦੇ ਪਿਤਾ ਧੰਨਾ ਸਿੰਘ ਫੌਜ ਤੋਂ ਫਾਰਗ ਹੋਣ ਤੋਂ ਬਾਅਦ ਵੀ ਡੀ.ਐਸ.ਸੀ. ਵਿੱਚ ਡਿਊਟੀ ਨਿਭਾ ਰਹੇ ਹਨ ਅਤੇ ਘਰ ਵਿੱਚ ਉਸ ਦੀ ਮਾਂ ਤੇ ਛੋਟੀ ਭੈਣ ਹੈ। ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।