ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਚੋਣ ਡਿਊਟੀ ‘ਤੇ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ 32 ਸਾਲਾ ਸਿਪਾਹੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅੰਡਰ ਬੈਰਲ ਗ੍ਰੇਨੇਡ ਲਾਂਚਰ (UBGL) ਦਾ ਇਕ ਗੋਲਾ ਅਚਾਨਕ ਫਟ ਗਿਆ, ਜਿਸ ‘ਚ ਕਾਂਸਟੇਬਲ ਦੇਵੇਂਦਰ ਕੁਮਾਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਜਗਦਲਪੁਰ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਸੂਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਗਲਗਾਮ ਪਿੰਡ ਦੇ ਨੇੜੇ ਵਾਪਰੀ ,ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਇੱਕ ਪੋਲਿੰਗ ਬੂਥ ਤੋਂ ਅੱਧਾ ਕਿਲੋਮੀਟਰ ਦੂਰ ਖੇਤਰ ਵਿੱਚ ਇੱਕ ਮੁਹਿੰਮ ਲਈ ਨਿਕਲੀ ਸੀ।

ਜਵਾਨ ਦੇ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸਸਕਾਰ

ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਜ਼ਖ਼ਮੀ ਸਿਪਾਹੀ ਦੀ ਪਛਾਣ ਸੀਆਰਪੀਐਫ ਦੀ 196ਵੀਂ ਬਟਾਲੀਅਨ ਦੇ ਕਾਂਸਟੇਬਲ ਦੇਵੇਂਦਰ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਏਅਰ ਐਂਬੂਲੈਂਸ ਹੈਲੀਕਾਪਟਰ ਰਾਹੀਂ ਬਸਤਰ ਜ਼ਿਲ੍ਹੇ ਦੇ ਹੈੱਡਕੁਆਰਟਰ ਜਗਦਲਪੁਰ ਲਿਜਾਇਆ ਗਿਆ ਅਤੇ ਉੱਥੇ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਲਈ ਮਾਹਿਰਾਂ ਦੀ ਟੀਮ ਨੂੰ ਗਲਗਾਮ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਕਾਂਸਟੇਬਲ ਦੇਵੇਂਦਰ ਕੁਮਾਰ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਬਸਤਰ ਜ਼ਿਲੇ ਦੇ ਉਨ੍ਹਾਂ ਦੇ ਜੱਦੀ ਪਿੰਡ ਧੋਬੀਗੁੜਾ ‘ਚ ਕੀਤਾ ਜਾਵੇਗਾ।