ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਹੋਈ ਕੈਨੇਡੀਅਨ ਰੈਸਲਿੰਗ ਚੈਂਪੀਅਨਸ਼ਿਪ ਵਿਚ ਪੰਜਾਬਣਾਂ ਨੇ ਮੱਲਾਂ ਮਾਰੀਆਂ ਹਨ। ਇਸ ਦੌਰਾਨ 3 ਪੰਜਾਬਣਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ 2 ਸੋਨੇ ਅਤੇ 1 ਚਾਂਦੀ ਤਮਗ਼ਾ ਜਿੱਤ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਓਟਾਵਾ ਦੇ ਟੀਡੀ ਪੈਲੇਸ ਵਿਖੇ ਹੋਏ ਕੌਮੀ ਕੁਸ਼ਤੀ ਮੁਕਾਬਲਿਆਂ ਵਿਚ 50 ਤੋਂ 76 ਕਿਲੋਵਰਗ ਦੀਆਂ 47 ਪਹਿਲਵਾਨ ਲੜਕੀਆਂ ਨੇ ਭਾਗ ਲਿਆ ਸੀ।

ਇਸ ਦੌਰਾਨ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ ਐਬਟਸਫੋਰਡ ਦੀ ਪਹਿਲਵਾਨ ਰੁਪਿੰਦਰ ਕੌਰ ਜੌਹਲ ਨੇ 76 ਕਿਲੋਵਰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗ਼ਾ ਜਿੱਤਿਆ। ਰੁਪਿੰਦਰ ਕੌਰ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਮੰਡਿਆਣੀ ਵਾਸੀ ਬਲਰਾਜ ਸਿੰਘ ਜੌਹਲ ਦੀ ਧੀ ਹੈ।

ਚੈਂਪੀਅਨਸ਼ਿਪ ਵਿਚ ਅਖਾੜਾ ਆਫ ਚੈਂਪੀਅਨ ਕਲੱਬ ਦੀ ਪਹਿਲਵਾਨ ਪ੍ਰਭਲੀਨ ਕੌਰ ਰੰਧਾਵਾ ਨੇ 65 ਕਿਲੋਵਰਗ ਮੁਕਾਬਲੇ ਵਿਚ ਸੋਨੇ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਜੀਟੀਏ ਰੈਸਲਿੰਗ ਕਲੱਬ ਦੀ ਤਰਲੀਨ ਕੌਰ ਸਰੋਆ ਨੇ ਚਾਂਦੀ ਤਮਗ਼ਾ ਜਿੱਤਿਆ ਹੈ।