ਪੰਜਾਬ ਸਰਕਾਰ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਆਈਏਐਸ ਪਰਮਪਾਲ ਕੌਰ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਹੈ। ਪਰ ਉਸ ਨੂੰ ਵੀਆਰਐਸ ਨਹੀਂ ਦਿੱਤਾ ਗਿਆ, ਸਗੋਂ ਅਸਤੀਫ਼ੇ ਵਜੋਂ ਉਸ ਦੀ ਅਰਜ਼ੀ ਸਵੀਕਾਰ ਕਰ ਲਈ ਗਈ। ਇਸ ਦੌਰਾਨ ਪਰਮਪਾਲ ਕੌਰ ਹੁਣ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰੇਗੀ।

ਮਿਲੀ ਜਾਣਕਾਰੀ ਅਨੁਸਾਰ ਸਰਕਾਰ ਹੁਣ ਪਰਮਪਾਲ ਕੌਰ ਨੂੰ ਵੀਆਰਐਸ ਨਾਲ ਸਬੰਧਤ ਲਾਭ ਨਹੀਂ ਦੇਵੇਗੀ। ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਰਮਪਾਲ ਕੌਰ ਦਾ ਕਹਿਣਾ ਹੈ ਕਿ ਉਸ ਦਾ ਕੰਮ ਅਰਜ਼ੀ ਮੂਵ ਕਰਨਾ ਸੀ। ਇਸ ਬਾਰੇ ਫੈਸਲਾ ਲੈਣਾ ਸਰਕਾਰ ਦਾ ਕੰਮ ਹੈ। ਇਹ ਸਪੱਸ਼ਟ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਭਾਜਪਾ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ IAS ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਤੇ ਪਾਰਟੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਐਲਾਨੇ ਜਾਣ ਵਾਲੀ ਪਰਮਪਾਲ ਕੌਰ ਸਿੱਧੂ ਦੇ ਅਸਤੀਫੇ ਨੂੰ ਪੰਜਾਬ ਸਰਕਾਰ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਡਿਊਟੀ ‘ਤੇ ਪਰਤਣ ਦੇ ਨਿਰਦੇਸ਼ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਅਸਤੀਫਾ ਨਾਮਜ਼ੂਰ ਕਰਨ ਦੀ ਵਜ੍ਹਾ ਅਸਤੀਫੇ ਦਾ ਤਰੀਕਾ ਗਲਤ ਹੋਣਾ ਦੱਸਿਆ। ਸਰਕਾਰ ਨੇ ਉਨ੍ਹਾਂ ‘ਤੇ ਝੂਠ ਬੋਲ ਕੇ ਰਿਟਾਇਰਮੈਂਟ ਲਗਾਉਣ ਦਾ ਦੋਸ਼ ਲਗਾਇਆ।

ਇਸ ਮਗਰੋਂ ਪਰਮਪਾਲ ਕੌਰ ਨੇ ਸਰਕਾਰ ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਰਕਾਰ ਨੇ ਜੋ ਵੀ ਕਾਰਵਾਈ ਕਰਨੀ ਹੈ, ਉਹ ਕਰ ਸਕਦੀ ਹੈ। ਮੈਂ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣਾਂ ਵੀ ਲੜਾਂਗੀ। ਹੁਣ ਮੈਂ ਰਿਟਾਇਰਡ ਹੋ ਚੁੱਕੀ ਹਾਂ ਤੇ ਰਿਟਾਇਰਡ ਅਫਸਰ ਸਰਕਾਰ ਦਾ ਗੁਲਾਮ ਨਹੀਂ ਹੈ। ਉਸ ਨੇ ਕਿਹਾ ਸੀ ਕਿ ਮੈਂ ਦੁਬਾਰਾ ਜੁਆਇਨ ਨਹੀਂ ਕਰਨ ਵਾਲੀ, ਨਾ ਹੀ ਉਨ੍ਹਾਂ ਦਾ ਜੁਆਇਨ ਕਰਨਾ ਬਣਦਾ ਹੈ। ਰਿਟਾਇਰਮੈਂਟ ਤੋਂ ਬਾਅਦ ਮੇਰੀ ਸਰਕਾਰ ਨੂੰ ਕੋਈ ਜਵਾਬਦੇਹੀ ਨਹੀਂ ਹੈ। ਪਰਮਪਾਲ ਕੌਰ ਨੇ ਕਿਹਾ ਕਿ ਕੇਂਦਰ ਨੇ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਹੈ ਤੇ ਹੁਣ ਪੰਜਾਬ ਸਰਕਾਰ ਨੇ ਜੋ ਕਰਨਾ ਹੈ, ਉਹ ਕਰ ਸਕਦੇ ਹਨ।