ਮਨੁੱਖਤਾ ਦੇ ਸੱਚੇ ਸੇਵਕ — ਭਾਈ ਗੁਰਵਿੰਦਰ ਸਿੰਘ

ਸਿਰਸਾ ( ਹਰਿਆਣਾ ) ਵਿਖੇ ਚੱਲ ਰਹੇ ਭਾਈ ਕਨੱਈਆ ਮਾਨਵ ਸੇਵਾ ਟਰੱਸਟ ਦੇ ਮੁੱਖ ਸੰਚਾਲਕ ਭਾਈ ਗੁਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵਲੋਂ ਪਦਮਸ੍ਰੀ ਐਵਾਰਡ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਭਾਈ ਗੁਰਵਿੰਦਰ ਸਿੰਘ ਦੀ ਸਮਾਜ ਨੂੰ ਕੀ ਦੇਣ ਹੈ ਅਤੇ ਉਹ ਕੌਣ ਹਨ । ਪੇਸ਼ ਹੈ ਭਾਈ ਗੁਰਵਿਦਰ ਸਿੰਘ ਦੀ ਜੀਵਨੀ ਤੇ ਅਧਾਰਿਤ ਇਹ ਲੇਖ —-
ਜੇਕਰ ਹਾਲਾਤ ਸਾਥ ਨਾ ਦੇਣ ਤੁਰਨ ਲਈ ਵੀ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੋਵੇ ਪਰ ਦਿ੍ਰੜ ਇੱਛਾ ਸ਼ਕਤੀ ਅਤੇ ਮਨੁੱਖੀ ਭਲਾਈ ਦੀ ਭਾਵਨਾ ਅਜਿਹੇ ਮਨੁੱਖ ਨੂੰ ਤੰਦਰੁਸਤ ਲੋਕਾਂ ਤੋਂ ਵੀ ਅੱਗੇ ਲਿਜਾਕੇ ਅਜਿਹੇ ਮੁਕਾਮ ਤੇ ਖੜਾ ਕਰ ਦਿੰਦੀ ਹੈ ਜਿੱਥੇ ਉਹ ਆਮ ਲੋਕਾਂ ਲਈ ਪ੍ਰੇਰਨਾ ਸਰੋਤ ਬਣਦਾ ਹੈ ਉੱਥੇ ਹੀ ਉਨ੍ਹਾਂ ਦਾ ਜੀਵਨ ਲੋਕਾਂ ਲਈ ਉਦਹਾਰਣ ਹੋ ਨਿਬੜਦਾ ਹੈ। ਸਿਰਸਾ ਦੇ 55 ਸਾਲਾ ਭਾਈ ਗੁਰਵਿੰਦਰ ਸਿੰਘ ਨੂੰ ਹੁਣ ਬੱਚਾ-ਬੱਚਾ ਜਾਣਦਾ ਹੈ। ਇਸ ਲਈ ਨਹੀਂ ਕਿ ਉਹ ਤੁਰਨ ਤੋਂ ਅਸਮਰੱਥ ਹਨ। ਉਹ ਵਹੀਲ ਚੇਅਰ ਤੇ ਬੈਠਕੇ ਘੁੰਮਦੇ ਫਿਰਦੇ ਹਨ। ਉਨ੍ਹਾਂ ਦੀ ਪਹਿਚਾਣ ਦਾ ਘੇਰਾ ਇਸ ਲਈ ਵਿਸ਼ਾਲ ਹੋਇਆ ਹੈ ਕਿ ਉਹ ਖੁਦ ਵਹੀਲ ਚੇਅਰ ਤੇ ਹੁੰਦਿਆ ਹੋਇਆ ਵੀ ਬੇਘਰੇ,ਬੇਸਹਾਰਾ ਅਤੇ ਮੰਦਬੁੱਧੀ ਲੋਕਾਂ ਲਈ ਚਾਨਣ ਦੀ ਕਿਰਨ ਬਣਕੇ ਚਮਕੇ ਹਨ। ਅੱਜਕੱਲ ਸਿਰਸਾ ਵਿਖੇ ਭਾਈ ਕਨੱਈਆ ਮਾਨਵ ਸੇਵਾ ਟਰੱਸਟ ਚਲਾ ਰਹੇ ਭਾਈ ਗੁਰਵਿੰਦਰ ਸਿੰਘ ਦੀ ਜੀਵਨ ਗਾਥਾ ਬਹੁਤ ਹੀ ਪ੍ਰਭਾਵਿਤ ਕਰਨ ਵਾਲੀ ਹੈ।
4 ਜਨਵਰੀ 1969 ਨੂੰ ਸਿਰਸਾ ਵਿੱਚ ਜਨਮੇ ਭਾਈ ਗੁਰਵਿੰਦਰ ਸਿੰਘ ਪੇਸ਼ੇ ਤੋਂ ਖੇਤੀ ਦੇ ਸੰਦ ਬਣਾਉਣ ਦੇ ਮਕੈਨਿਕ ਰਹੇ ਹਨ ਪਰ ਇੱਕ ਹਾਦਸੇ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਇੱਕ ਅਜਿਹਾ ਨਵਾਂ ਮੋੜ ਦਿੱਤਾ ਕਿ ਅੱਜ ਉਹ ਭਾਈ ਕਨੱਈਆ ਦੇ ਰਸਤੇ ਤੇ ਚਲਦੇ ਹੋਏ ਆਪਣਾ ਪੂਰਾ ਜੀਵਨ ਹੀ ਬੇਆਸਰਿਆਂ ਨੂੰ ਆਸਰਾ ਦੇਣ ਲਈ ਸਮਰਪਿਤ ਕਰ ਚੁੱਕੇ ਹਨ। 7 ਜੂਨ 1997 ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਗੰਭੀਰ ਜ਼ਖਮੀ ਹੋ ਗਏ।।ਚਾਰ ਮਹੀਨਿਆਂ ਦੇ ਲੰਬੇ ਇਲਾਜ ਤੋਂ ਬਾਅਦ ਵੀ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਅਤੇ ਸਰੀਰ ਦਾ ਹੇਠਲਾ ਹਿੱਸਾ ਪੂਰਾ ਤਰ੍ਹਾਂ ਕੰਮ ਛੱਡ ਗਿਆ। ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਹੁਣ ਪੂਰਾ ਜੀਵਨ ਹੀ ਵਹੀਲ ਚੇਅਰ ਤੇ ਰਹਿਕੇ ਗੁਜ਼ਾਰਨਾ ਪਵੇਗਾ। ਉਨ੍ਹਾਂ ਨਿਰਾਸ਼ਾ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਦਰ-ਕਿਨਾਰ ਕਰਦਿਆਂ ਹਸਪਤਾਲ ਤੋਂ ਹੀ ਜੀਵਨ ਦਾ ਸਿੱਧਾ ਨਵਾਂ ਰਾਹ ਲੱਭਣ ਦਾ ਸੰਕਲਪ ਲਿਆ। ਹਸਪਤਾਲ ਵਿੱਚ ਇੱਕ ਸੰਸਥਾ ਵਲੋਂ ਦੁੱਧ, ਬਰੈਡ ਅਤੇ ਦਾਤਣ ਸਾਰੇ ਮਰੀਜ਼ਾਂ ਨੂੰ ਵੰਡੇ ਜਾਦੇ ਸਨ। ਉਨ੍ਹਾਂ ਨੂੰ ਵੇਖਕੇ ਭਾਈ ਗੁਰਵਿੰਦਰ ਸਿੰਘ ਦੇ ਮਨ ਵਿੱਚ ਇਹ ਸੇਵਾ ਸਿਰਸਾ ਵਿਖੇ ਸ਼ੁਰੂ ਕਰਨ ਦੀ ਭਾਵਨਾ ਬਣੀ।
ਇੱਥੋਂ ਹੀ ਉਨ੍ਹਾਂ ਵੀਂ ਕੁਝ ਵੱਖਰਾ ਕਰਨ ਦਾ ਸੰਕਲਪ ਲਿਆ। ਡੀਐਮਸੀ ਲੁਧਿਆਣਾ ਤੋਂ ਛੁੱਟੀ ਮਿਲਣ ਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਹੁਣ ਉਹ ਸਿਰਫ਼ ਵਹੀਲ ਚੇਅਰ ’ਤੇ ਹੀ ਚੱਲ ਸਕਦੇ ਹਨ ਪਰ ਸਮਾਜ ਸੇਵਾ ਦੀ ਨਵੀ ਭਾਵਨਾ ਲੈ ਕੇ ਹਸਪਤਾਲ ਵਿੱਚੋਂ ਵਾਪਸ ਆਏ ਹਨ। ਉਨ੍ਹਾਂ ਦੋਸਤਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਭਾਈ ਕਨੱਈਆ ਦੇ ਨਾਂ ਤੇ ਕਮੇਟੀ ਰਜਿਸਟਰਡ ਕਰਵਾਈ। ।1 ਜਨਵਰੀ 2005 ਤੋਂ ਸਿਵਲ ਹਸਪਤਾਲ ਸਿਰਸਾ ਵਿੱਚ ਉਨ੍ਹਾਂ ਵਲੋਂ ਮਰੀਜ਼ਾਂ ਨੂੰ ਰੋਜ਼ਾਨਾ 20 ਕਿਲੋ ਦੁੱਧ ਪਿਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ
23 ਜੁਲਾਈ 2008 ਨੂੰ ਉਨ੍ਹਾਂ ਦੀ ਸੰਸਥਾ ਨੇ ਸਿਰਸਾ ਵਿੱਚ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ। ਜਿਨ੍ਹਾਂ ਰਾਹੀ ਹੁਣ ਤੱਕ ਹਜ਼ਾਰਾਂ ਦੁਰਘਟਨਾ ਪੀੜਤਾਂ ਅਤੇ ਹਜ਼ਾਰਾਂ ਹੀ ਗਰਭਵਤੀ ਔਰਤਾਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ।
ਦਸੰਬਰ 2010 ਵਿੱਚ ਵਾਪਰੀ ਇੱਕ ਘਟਨਾ ਨੇ ਭਾਈ ਗੁਰਵਿੰਦਰ ਸਿੰਘ ਨੂੰ ਧੁਰ ਅੰਦਰ ਤੱਕ ਝੰਜੋਟ ਕੇ ਰੱਖ ਦਿੱਤਾ ਜਦੋਂ ਰੇਲਵੇ ਸਟੇਸ਼ਨ ਨੇੜੇ ਉਨ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਔਰਤ ਨੂੰ ਵੇਖਿਆ ਤਾਂ ਉਨ੍ਹਾਂ ਔਰਤ ਨੂੰ ਪਿੰਗਲਵਾੜਾ ਆਸ਼ਰਮ ਅੰਮ੍ਰਿਤਸਰ ਭੇਜਣ ਦੀ ਕੋਸ਼ਿਸ ਕੀਤੀ ਪਰ ਆਸ਼ਰਮ ਵਲੋਂ ਆਖਿਆ ਗਿਆ ਕਿ ਔਰਤ ਦਾ ਮੈਡੀਕਲ ਚੈੱਕਅਪ ਕਰਵਾ ਕੇ ਪੁਲੀਸ ਐਫਆਈਆਰ ਦਰਜ ਕਰਵਾ ਕੇ ਉਸ ਨੂੰ ਅੰਮ੍ਰਿਤਸਰ ਆਸ਼ਰਮ ਵਿੱਚ ਛੱਡਿਆ ਜਾ ਸਕਦਾ ਹੈ। ਕਿਸੇ ਕਾਰਨ ਕੋਈ ਸਰਕਾਰੀ ਆਈਡੀ ਨਾ ਹੋਣ ਕਾਰਨ ਔਰਤ ਦੀ ਐਫਆਈਆਰ ਦਰਜ ਨਹੀਂ ਹੋ ਸਕੀ ਅਤੇ ਇਸ ਦੌਰਾਨ ਔਰਤ ਦੀ ਮੌਤ ਹੋ ਗਈ।
ਇਸਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਨੇ ਅਜਿਹੀਆਂ ਔਰਤਾਂ ਅਤੇ ਬੇਸਹਾਰਾ ਲੋਕਾਂ ਲਈ ਭਾਈ ਕਨੱਈਆ ਆਸ਼ਰਮ ਖੋਲ੍ਹਣ ਦਾ ਸੰਕਲਪ ਲਿਆ।।ਸਿਰਸਾ ਦੇ ਮਹਿਲਾ ਪੌਲੀਟੈਕਨਿਕ ਕਾਲਜ ਦੇ ਪਿੱਛੇ ਦਾਨੀ ਗੁਰਸ਼ਰਨ ਸਿੰਘ ਕਾਲੜਾ ਨੇ 200 ਗਜ਼ ਜ਼ਮੀਨ ਆਸ਼ਰਮ ਲਈ ਦਿੱਤੀ ਅਤੇ 6 ਮਾਰਚ 2011 ਨੂੰ ਭਾਈ ਕਨੱਈਆ ਆਸ਼ਰਮ ਦਾ ਨੀਂਹ ਪੱਥਰ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ ਦੀ ਚੇਅਰਪਰਸਨ ਬੀਬੀ ਇੰਦਰਜੀਤ ਕੌਰ ਨੇ ਰੱਖਿਆ ਅਤੇ ਇਸਦਾ ਉਦਘਾਟਨ ਅਕਤੂਬਰ 2011 ਵਿੱਚ ਕੀਤਾ ਗਿਆ। ਟਰੱਸਟ ਨੇ ਦਾਨੀ ਸੱਜਨਾਂ ਦੇ ਸਹਿਯੋਗ ਨਾਲ ਇਸ ਜਗ੍ਹਾ ਦੇ ਨੇੜੇ ਹੀ 400 ਗਜ਼ ਹੋਰ ਜ਼ਮੀਨ ਖਰੀਦੀ ਅਤੇ ਬੇਸਹਾਰਾ,ਮਾਨਸਿਕ ਤੌਰ ਤੇ ਕਮਜ਼ੋਰ, ਬੇਘਰ ਔਰਤਾਂ ਅਤੇ ਅਨਾਥ ਬੱਚਿਆਂ ਲਈ ਆਸ਼ਰਮ ਬਣਾਇਆ ਗਿਆ।।ਸਾਲ 2014 ਤੱਕ ਇਸ ਆਸ਼ਰਮ ਵਿੱਚ ਰਹਿਣ ਵਾਲੇ ਪ੍ਰਾਣੀਆਂ ਦੀ ਸੰਖਿਆਂ 80 ਤੱਕ ਪਹੁੰਚ ਗਈ ਜੋ ਹੁਣ ਸੈਕੜਿਆਂ ਦੀ ਗਿਣਤੀ ਵਿੱਚ ਹੈ। ਇੱਥੇ ਸਾਰੀਆਂ ਸਹੂਲਤਾਂ ਟਰੱਸਟ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਮੁੜ ਵਸੇਬਾ ਪ੍ਰੋਗਰਾਮ ਤਹਿਤ ਇੱਕ ਵੋਕੇਸ਼ਨਲ ਸਿਖਲਾਈ ਕੇਂਦਰ ਵੀ ਖੋਲ੍ਹਿਆ ਗਿਆ।
ਆਸ਼ਰਮ ਵਿੱਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਵਧਣ ਕਾਰਨ ਪਿੰਡ ਮੋਰੀਵਾਲਾ ਨੇੜੇ ਇੱਕ ਏਕੜ ਵਿੱਚ ਭਾਈ ਕਨੱਈਆ ਆਸ਼ਰਮ-2 ਦੀ ਇਮਾਰਤ ਬਣਾਈ ਗਈ ਹੈ। ਇਸਦਾ ਨੀਂਹ ਪੱਥਰ 17 ਮਈ 2015 ਨੂੰ ਰੱਖਿਆ ਗਿਆ ਸੀ ਅਤੇ ਇਸਦਾ ਉਦਘਾਟਨ ਤੱਤਕਾਲੀ ਡੀਸੀ ਸਿਰਸਾ ਵੀ.ਉਮਾਸ਼ੰਕਰ ਨੇ ਕੀਤਾ। 20 ਮਾਰਚ 2016 ਨੂੰ ਭਾਈ ਕਨੱਈਆ ਟਰੱਸਟ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸੀਬੀਐਸਈ ਪੈਟਰਨ ਤੇ ਸਕੂਲ ਖੋਲ੍ਹਿਆ ਹੈ। ਜਿਸ ਵਿੱਚ ਕਿਸੇ ਵੀ ਬੱਚੇ ਤੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਹੈ। ਇੱਥੇ ਟਰਾਂਸਪੋਰਟ ਦੀ ਸਹੂਲਤ, ਸਕੂਲ ਡਰੈੱਸ,ਪਾਠ ਪੁਸਤਕਾਂ ਅਤੇ ਖਾਣੇ ਦਾ ਸਾਰਾ ਪ੍ਰਬੰਧ ਸਕੂਲ ਵੱਲੋਂ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਸਕੂਲ ਦਾ ਹੋਰ ਵਿਸਤਾਰ ਕਰਨ ਦਾ ਵਿਚਾਰ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬੱਚੇ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਉਨ੍ਹਾਂ ਨੂੰ ਵੀ ਇਸ ਸਕੂਲ ਵਿੱਚ ਦਾਖਲਾ ਦਿੱਤਾ ਜਾ ਰਿਹਾ ਹੈ।
ਹੁਣ ਟਰੱਸਟ ਕੋਲ ਕੁੱਲ 9 ਐਬੂਲੈੱਸਾਂ ਹਨ। ਟਰੱਸਟ ਦੀਆਂ ਦੋ ਹੋਰ ਸ਼ਾਖਾਵਾਂ ਏਲਨਾਬਾਦ ਅਤੇ ਰਾਣੀਆਂ ਵਿਖੇ ਖੋਲ੍ਹੀਆਂ ਜਾ ਚੁੱਕੀਆ ਹਨ ਜੋ ਸਮਾਜਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਏਲਨਾਬਾਦ ਵਿੱਚ ਮਾਸਟਰ ਨਸੀਬ ਸਿੰਘ ਅਤੇ ਰਾਣੀਆ ਵਿੱਚ ਪਰਦੀਪ ਗਾਬਾ ਮੁੱਖ ਸੇਵਾਦਾਰ ਵਜ਼ੋ ਆਪਣੀਆਂ ਸੇਵਾਵਾਂ ਦੇ ਰਹੇ ਹਨ। ਟਰੱਸਟ ਦੀ ਏਲਨਾਬਾਦ ਸ਼ਾਖਾ ਵਲੋਂ 25 ਕਿਲੋਮੀਟਰ ਦੇ ਦਾਇਰੇ ਵਿੱਚੋਂ ਡਿਲਵਰੀ ਕੇਸ ਮੁਫ਼ਤ ਅਤੇ ਐਕਸੀਡੈਂਟ ਕੇਸ ਸਿਰਸਾ, ਹਨੂੰਮਾਨਗੜ੍ਹ ਤੱਕ ਮੁਫ਼ਤ ਪਹੁੰਚਾਏ ਜਾ ਰਹੇ ਹਨ। ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਚੈੱਕਅੱਪ ਲਈ ਰਿਆਇਤੀ ਦਰਾਂ ਤੇ ਐਬੂਲੈੱਸ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਾਖਾ ਏਲਨਾਬਾਦ ਵਲੋਂ ਗਰਮੀਆਂ ਵਿੱਚ ਆਮ ਲੋਕਾਂ ਲਈ ਚਾਰ ਜਗ੍ਹਾਂ ਤੇ ਪੀਣ ਵਾਲੇ ਪਾਣੀ ਦੇ ਟੈਂਕਰ ਖੜੇ ਕੀਤੇ ਜਾ ਰਹੇ ਹਨ ਅਤੇ ਖੂਨਦਾਨ, ਮੈਡੀਕਲ ਕੈਂਪ ਅਤੇ ਪਿੰਡ ਤਲਵਾੜਾ ਖੁਰਦ ਵਿਖੇ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਖੋਲ੍ਹਕੇ ਸਮਾਜ ਸੇਵਾ ਕੀਤੀ ਜਾ ਰਹੀ ਹੈ।
ਭਾਈ ਕਨੱਈਆ ਮਾਨਵ ਸੇਵਾ ਟਰੱਸਟ ਹੁਣ ਭਾਈ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਪੂਰੇ ਜ਼ਿਲ੍ਹੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਟਰੱਸਟ ਵਲੋਂ ਮੁਫਤ ਐਂਬੂਲੈੱਸ ਸੇਵਾ, ਪੌਦੇ ਲਗਾਉਣ ਅਤੇ ਖੂਨਦਾਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਭਾਰਤ ਸਰਕਾਰ ਵਲੋਂ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ ਜਿਸਤੇ ਪੂਰੇ ਜ਼ਿਲ੍ਹਾ ਵਾਸੀਆਂ ਨੂੰ ਮਾਣ ਹੈ।

ਲੇਖਕ- ਜਗਤਾਰ ਸਮਾਲਸਰ, ਏਲਨਾਬਾਦ , ਸਿਰਸਾ ( ਹਰਿਆਣਾ )
ਸੰਪਰਕ-94670-95953