ਅਮਰੀਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ ਤੇ ਉਹ ਸਮਾਣਾ ਦੇ ਪਿੰਡ ਤਲਵੰਡੀ ਕੋਠੇ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਮੁਤਾਬਕ ਕਰਨਵੀਰ ਸਿੰਘ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਕਰਨਵੀਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀਤੇ 50 ਲੱਖ ਰੁਪਏ ਖਰਚ ਕੇ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ। ਕਰਨਵੀਰ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।

ਕਰਨਵੀਰ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਉਸਦਾ ਫੋਨ ਆਇਆ ਸੀ ਤੇ ਕਰਨਵੀਰ ਨੇ ਕਿਹਾ ਸੀ ਕਿ ਹੁਣ ਉਸ ਦਾ ਕੰਮ ਠੀਕ ਚੱਲ ਰਿਹਾ ਹੈ ਤੇ ਹੁਣ ਉਹ ਪੈਸੇ ਵੀ ਭੇਜ ਰਿਹਾ ਸੀ ਪਰ ਅਚਾਨਕ ਅੱਜ ਕਰਨਵੀਰ ਦੇ ਦੋਸਤਾਂ ਦਾ ਫੋਨ ਆਇਆ ਕਿ ਕਰਨਵੀਰ ਦੀ ਤਬੀਅਤ ਠੀਕ ਨਹੀਂ ਹੈ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਥੋੜ੍ਹੀ ਦੇਰ ਬਾਅਦ ਫਿਰ ਫੋਨ ਆਇਆ ਤੇ ਦੋਸਤਾਂ ਨੇ ਦੱਸਿਆ ਕਿ ਕਰਨਵੀਰ ਦੇ ਗੋਲੀ ਲੱਗੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਨੂੰ ਅਮਰੀਕਾ ਭੇਜਿਆ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।