ਔਟਵਾ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੀ ਉਮੀਦ ਵਧ ਗਈ ਜਦੋਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੇ ਬਿਲ ਸੀ-56 ਪਾਸ ਕਰਵਾਉਣ ਲਈ ਟਰੂਡੋ ਸਰਕਾਰ ਦਾ ਸਾਥ ਦੇਣ ਦੀ ਹਾਮੀ ਭਰ ਦਿਤੀ। ਪਰ ਸਰਕਾਰ ਨੂੰ ਬਿਲ ਵਿਚ ਕੁਝ ਤਰਮੀਮਾਂ ਕਰਨੀਆਂ ਹੋਣਗੀਆਂ ਜੋ ਜਗਮੀਤ ਸਿੰਘ ਵੱਲੋਂ ਲਿਆਂਦੇ ਇਸੇ ਕਿਸਮ ਦੇ ਬਿਲ ਤੋਂ ਪ੍ਰੇਰਿਤ ਹੋਣਗੀਆਂ। ਬਿਲ ਪਾਸ ਹੋਣ ’ਤੇ ਦੋ ਬੈਡਰੂਮ ਵਾਲੇ ਇਕ ਰੈਂਟਲ ਅਪਾਰਟਮੈਂਟ ਲਈ 25 ਹਜ਼ਾਰ ਡਾਲਰ ਦੀ ਟੈਕਸ ਰਾਹਤ ਮਿਲੇਗੀ ਜਦਕਿ ਗਰੌਸਰੀ ਕੀਮਤਾਂ ਨੂੰ ਨੱਥ ਪਾਉਣ ਵਾਸਤੇ ਕੰਪੀਟਿਸ਼ਨ ਬਿਊਰੋ ਨੂੰ ਵਧੇਰੇ ਤਾਕਤਾਂ ਮਿਲ ਜਾਣਗੀਆਂ।

ਟਰੂਡੋ ਸਰਕਾਰ ਦੇ ਬਿਲ ਸੀ-56 ਦੀ ਹਮਾਇਤ ਕਰੇਗੀ ਐਨ.ਡੀ.ਪੀ.
ਐਨ.ਡੀ.ਪੀ. ਦੇ ਐਮ.ਪੀ. ਅਤੇ ਵਿੱਤੀ ਮਾਮਲਿਆਂ ਦੇ ਆਲੋਚਕ ਡੈਨੀਅਲ ਬਲੇਕੀ ਨੇ ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਲਿਆਂਦੇ ਬਿਲ ’ਤੇ ਸਾਨੂੰ ਕੁਝ ਇਤਰਾਜ਼ ਸਨ ਜਿਨ੍ਹਾਂ ਨੂੰ ਵੇਖਦਿਆਂ ਆਪਸੀ ਸਹਿਮਤੀ ਕਾਇਮ ਕਰਨ ’ਤੇ ਜ਼ੋਰ ਦਿਤਾ ਗਿਆ। ਕੰਜ਼ਰਵੇਟਿਵ ਪਾਰਟੀ ਅਸਿੱਧੇ ਤੌਰ ’ਤੇ ਬਿਲ ਦੇ ਰਾਹ ਵਿਚ ਅੜਿੱਕੇ ਪੈਦਾ ਕਰ ਰਹੀ ਸੀ ਅਤੇ ਅਸੀਂ ਕੁਝ ਸੋਧਾਂ ਨਾਲ ਇਸ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਸਰਕਾਰ ਅਫੌਰਡੇਬਲ ਹਾਊਸਿੰਗ ਐਂਡ ਗਰੌਸਰੀਜ਼ ਐਕਟ ਰਾਹੀਂ ਲੋਕਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ।