ਪੀਲ ਰੀਜਨਲ ਪੁਲਿਸ ਨੇ ਇਕ ਸਾਲ ਪੁਰਾਣਾ ਮਾਮਲਾ ਸੁਲਝਾਇਆ
ਮਿਸੀਸਾਗਾ, (ਬਲਜਿੰਦਰ ਸੇਖਾ): ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਨੇ ਗ੍ਰਿਫ਼ਤਾਰੀਆਂ ਕਰਨ ਦਾ ਐਲਾਨ ਕੀਤਾ ਹੈ। ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਪਿਛਲੇ ਸਾਲ 17 ਅਪ੍ਰੈਲ ਨੂੰ ਹਵਾਈ ਅੱਡੇ ‘ਤੇ ਪੁੱਜੇ ਇਕ ਕੰਟੇਨਰ ਵਿਚੋਂ ਚੋਰੀ ਕੀਤਾ ਗਿਆ ਸੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8.30ਵਜੇ ‘ਪ੍ਰੌਜੈਕਟ 24-ਕੇ’ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਅਕਸਰ ਹੀ ਵਿਦੇਸ਼ਾਂ ਤੋਂ ਆਉਣ ਵਾਲਾ ਅਤੇ ਕੈਨੇਡਾ ਤੋਂ ਵੱਖ ਵੱਖ ਮੁਲਕਾਂ ਵਿਚ ਭੇਜਿਆ ਜਾਣ ਵਾਲਾ ਸੋਨਾ ਪਹੁੰਚਦਾ ਹੈ। 17 ਅਪ੍ਰੈਲ 2023 ਦੀ ਵਾਰਦਾਤ ਹੈਰਾਨਕੁੰਨ ਰਹੀ ਕਿਉਂਕਿ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋ ਸਕੀ ਕਿ ਐਨਾ ਸੋਨਾ ਲੁੱਟਿਆ ਜਾ ਚੁੱਕਾ ਹੈ। ਸੋਨੇ ਦੀ ਲੁੱਟ ਏਅਰ ਕੈਨੇਡਾ ਦੇ ਕਾਰਗੋ ਰੱਖਣ ਵਾਲੇ ਇਲਾਕੇ ਵਿਚੋਂ ਹੋਈ ਜਿਸ ਦੇ ਮੱਦੇਨਜ਼ਰ ਬ੍ਰਿੰਕਸ ਇੰਟਰਨੈਸ਼ਨਲ ਵੱਲੋਂ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਕਿ ਜਾਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਸੋਨਾ ਲੁਟੇਰਿਆਂ ਨੂੰ ਦੇ ਦਿਤਾ ਗਿਆ। ਏਅਰ ਕੈਨੇਡਾ ਇਨ੍ਹਾਂ ਦੋਸ਼ਾਂ ਨੂੰ ਸਰਾਸਰ ਖਾਰਜ ਕਰ ਚੁੱਕੀ ਹੈ।