ਮਾਨਸਾ, ਡੇਰਾ ਸੱਚਾ ਸੌਦਾ ਮਾਮਲੇ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਥਾਣਾ ਸਿਟੀ- 2 ਮਾਨਸਾ, ਥਾਣਾ ਕੋਟਧਰਮੂ ਅਤੇ ਥਾਣਾ ਬਰੇਟਾ ਅਧੀਨ ਦਰਜ ਕੇਸਾਂ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜੇ ਗਏ 26 ਡੇਰਾ ਪ੍ਰੇਮੀਆਂ ਦੀਆਂ ਜ਼ਮਾਨਤ ਅਰਜ਼ੀਆਂ ਇੱਥੋਂ ਦੀ ਐਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਮਾਮਲੇ ਵਿੱਚ ਪੁਲੀਸ ਨੇ ਕਰੀਬ 15 ਡੇਰਾ ਪ੍ਰੇਮੀਆਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਕੇ ਅਦਾਲਤ ਦੇ ਆਦੇਸ਼ਾਂ ‘ਤੇ ਉਨ੍ਹਾਂ ਵੱਲੋਂ ਪੇਸ਼ ਨਾ ਹੋਣ ਨੂੰ ਲੈ ਕੇ ਭਗੌੜਾ ਕਰਾਰ ਦੇਣ ਦੀ ਵੀ ਤਿਆਰੀ ਕੀਤੀ ਹੋਈ ਹੈ। ਕਈ ਵਿਅਕਤੀ ਇਸ ਮਾਮਲੇ ਅਤੇ ਇਨਕਮ ਟੈਕਸ ਦਫ਼ਤਰ ਵਿੱਚ ਖੜ੍ਹੀਆਂ ਦੋ ਕਾਰਾਂ ਨੂੰ ਅੱਗ ਦੇ ਹਵਾਲੇ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਹਾਲੇ ਤੱਕ ਫ਼ਰਾਰ ਹਨ। ਅਦਾਲਤ ਵੱਲੋਂ ਸ਼ਨਿਚਰਵਾਰ ਨੂੰ ਡੇਰਾ ਪ੍ਰੇਮੀਆਂ ਦੀਆਂ ਰੱਦ ਕੀਤੀਆਂ ਜ਼ਮਾਨਤ ਅਰਜ਼ੀਆਂ ਵਿੱਚ ਬਰੇਟਾ ਵਿੱਚ ਦਰਜ ਭੰਨ-ਤੋੜ ਮਾਮਲੇ ਵਿੱਚ ਅਮਰੀਕ ਸਿੰਘ, ਮੋਹਨ ਸਿੰਘ, ਅਮਰਜੀਤ ਸਿੰਘ, ਗਮਦੂਰ ਸਿੰਘ, ਮੱਘਰ ਸਿੰਘ, ਹਾਕਮ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਥਾਣਾ ਕੋਟਧਰਮੂ ਵਿੱਚ ਦਰਜ ਹੋਏ ਮਾਮਲੇ ਵਿੱਚ ਦਰਸ਼ਨ ਰਾਮ, ਨਿਰਮਲ ਸਿੰਘ ਤੇ ਥਾਣਾ ਸਿਟੀ-2 ਮਾਨਸਾ ਵਿੱਚ ਦਰਜ ਹੋਏ ਮਾਮਲੇ ਵਿੱਚ ਹਰੀ ਸਿੰਘ, ਸੂਰਜ ਭਾਨ, ਸੱਤਪਾਲ, ਕੁਲਦੀਪ ਸਿੰਘ, ਪੁਸ਼ਪਿੰਦਰ ਸਿੰਘ, ਮੱਘਰ ਸਿੰਘ, ਸੱਤਪਾਲ ਸਿੰਘ, ਬਲਵਿੰਦਰ ਸਿੰਘ, ਗੌਰਵ ਸਿੰਗਲਾ, ਗੁਰਦੀਪ ਸਿੰਘ, ਸ਼ੇਖਰ ਗੋਇਲ, ਹਰਪ੍ਰੀਤ ਸਿੰਘ, ਵਿੱਕੀ ਕੁਮਾਰ, ਤਰਸੇਮ ਸਿੰਘ ਤੇ ਸੁਖਦੇਵ ਸਿੰਘ ਆਦਿ ਦੇ ਨਾਂ ਸ਼ਾਮਲ ਹਨ।