ਰਘੁਵੀਰ ਸਿੰਘ ਕਲੋਆ

ਬਹੁਤ ਪਹਿਲਾਂ ਦੀ ਗੱਲ ਹੈ। ਉਦੋਂ ਲੋਕ ਆਪਣਾ ਸਫ਼ਰ ਪੈਦਲ ਜਾਂ ਊਠ ਘੋੜਿਆਂ ਰਾਹੀਂ ਤੈਅ ਕਰਦੇ ਹੁੰਦੇ ਸਨ। ਧਨੀ ਰਾਮ ਨਾਂ ਦਾ ਇੱਕ ਵਪਾਰੀ ਅਕਸਰ ਵਪਾਰ ਦੇ ਸਿਲਸਿਲੇ ਵਿੱਚ ਇੱਧਰ-ਉੱਧਰ ਤੁਰਦਾ ਰਹਿੰਦਾ। ਆਪਣੇ ਕੰਮ ਵਿੱਚ ਉਹ ਇੰਨਾ ਮਾਹਿਰ ਸੀ ਕਿ ਝੱਟ ਇੱਧਰ ਦਾ ਮਾਲ ਉੱਧਰ ਵੇਚ ਜਾਂਦਾ। ਇਵੇਂ ਹੀ ਇੱਕ ਵਾਰ ਉਹ ਆਪਣੇ ਅਰਬੀ ਘੋੜੇ ’ਤੇ ਸਵਾਰ ਹੋ ਕੇ ਦੂਰ ਦੇ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ। ਦੁਪਹਿਰ ਦਾ ਵੇਲਾ ਸੀ ਤੇ ਸਰਦ ਰੁੱਤ ਦੀ ਸ਼ੁਰੂਆਤ ਸੀ। ਉਸ ਪਿੰਡ ਦੇ ਲੋਕ ਆਪਣੇ ਖੇਤਾਂ ਵਿੱਚ ਹਾੜ੍ਹੀ ਦੀ ਬਿਜਾਈ ਵਿੱਚ ਜੁਟੇ ਹੋਏ ਸਨ।

ਥੋੜ੍ਹਾ ਆਰਾਮ ਅਤੇ ਪੇਟ-ਪੂਜਾ ਕਰਨ ਦਾ ਵਿਚਾਰ ਬਣਾ ਧਨੀ ਰਾਮ ਨੇ ਆਪਣਾ ਘੋੜਾ ਰਾਹ ਕਿਨਾਰੇ ਪੈਂਦੇ ਇੱਕ ਖੂਹ ਕੋਲ ਜਾ ਰੋਕਿਆ। ਘੋੜੇ ਨੂੰ ਨਾਲ ਲਿਆਂਦੇ ਛੋਲੇ ਚਾਰ ਕੇ ਉਸ ਨੇ ਘੋੜੇ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਤੇ ਆਪ ਵੀ ਇੱਕ ਪੋਟਲੀ ਵਿੱਚੋਂ ਸੁੱਕੇ ਮੇਵੇ ਕੱਢ ਖਾਣ ਲੱਗਾ। ਨੇੜਲੇ ਖੇਤ ਵਿੱਚ ਇੱਕ ਕਿਸਾਨ ਕਣਕ ਦੀ ਬਿਜਾਈ ਕਰ ਰਿਹਾ ਸੀ। ਧਨੀ ਰਾਮ ਉਸ ਨੂੰ ਗਹੁ ਨਾਲ ਤੱਕਣ ਲੱਗਾ। ਉਹ ਕਿਸਾਨ ਇੱਕ ਹੱਥ ਨਾਲ ਹਲ਼ ਦਾ ਮੁੰਨਾ ਸੰਭਾਲ ਰਿਹਾ ਸੀ ਤੇ ਦੂਜੇ ਨਾਲ ਮੋਢੇ ਟੰਗੀ ਝੋਲੀ ਵਿੱਚੋਂ ਬੀਜ ਕੱਢ ਪੋਰ ’ਚ ਪਾ ਰਿਹਾ ਸੀ। ਧਨੀ ਰਾਮ ਜਦੋਂ ਵੀ ਕਦੇ ਇੱਧਰੋਂ ਲੰਘਦਾ ਤਾਂ ਉਸ ਦਾ ਪੜਾਅ ਇਸ ਖੂਹ ’ਤੇ ਹੀ ਹੁੰਦਾ ਸੀ ਤੇ ਇਸੇ ਕਰਕੇ ਉਹ ਥੋੜ੍ਹਾ ਇਸ ਕਿਸਾਨ ਦਾ ਵੀ ਜਾਣੂ ਸੀ। ਆਪਣੇ ਮਨ ਵਿੱਚ ਕੋਈ ਤਰਕੀਬ ਬਣਾ ਧਨੀ ਰਾਮ ਉਸ ਕਿਸਾਨ ਕੋਲ ਪੁੱਜਾ ਤੇ ਅਪਣੱਤ ਜਤਾਉਂਦਿਆਂ ਉਸ ਨੂੰ ਆਖਣ ਲੱਗਾ,

‘‘ਕਿਵੇਂ ਆ ਭਰਾਵਾ? ਕੀ ਬੀਜ ਰਿਹਾਂ? ’’

‘‘ਠੀਕ ਆ, ਕਣਕ ਬੀਜ ਰਿਹਾਂ।’’ ਕਿਸਾਨ ਨੇ ਬਲਦਾਂ ਮਗਰ ਤੁਰਦਿਆਂ ਹੀ ਉੱਤਰ ਦਿੱਤਾ ਤਾਂ ਧਨੀ ਰਾਮ ਨੇ ਅਗਲੀ ਗੱਲ ਪੁੱਛੀ।

‘‘ਅੱਛਾ! ਕਿੰਨਾ ਕੁ ਸਮਾਂ ਲੱਗ ਜਾਂਦਾ ਇਸ ਦੇ ਪੱਕ ਕੇ ਤਿਆਰ ਹੋਣ ਨੂੰ।’’

‘‘ਛੇ ਕੁ ਮਹੀਨੇ ਤਾਂ ਲੱਗ ਹੀ ਜਾਂਦੇ, ਕੱਤਕ ਵਿੱਚ ਬੀਜੀ ਚੇਤ-ਵਿਸਾਖ ਵਿੱਚ ਵੱਢੀ ਜਾਂਦੀ।’’

ਕਿਸਾਨ ਦਾ ਇਹ ਉੱਤਰ ਸੁਣ ਧਨੀ ਰਾਮ ਹੈਰਾਨੀ ਪ੍ਰਗਟਾਉਂਦਿਆਂ ਕਹਿਣ ਲੱਗਾ,

‘‘ਫੇਰ ਤਾਂ ਵਾਹਵਾ ਸਮਾਂ ਲੱਗ ਜਾਂਦਾ।’’

ਬਿੰਦ ਕੁ ਚੁੱਪ ਰਹਿ ਕਿਸਾਨ ਦੇ ਪਿੱਛੇ-ਪਿੱਛੇ ਤੁਰਦਿਆਂ ਉਸ ਨੇ ਆਪਣੀ ਗੱਲ ਅੱਗੇ ਤੋਰੀ,

‘‘ਕੋਈ ਛੇਤੀ ਹੋਣ ਵਾਲੀ ਫ਼ਸਲ ਬੀਜ ਲਿਆ ਕਰ, ਨਾਲੇ ਤੂੰ ਸੌਖਾ ਨਾਲੇ ਮੁਨਾਫ਼ਾ ਵੀ ਵੱਧ। ਜੇ ਤੂੰ ਕਹੇ ਤਾਂ ਮੇਰੇ ਕੋਲ ਕੰਧਾਰ ਤੋਂ ਲਿਆਂਦੇ ਪੋਸਤ ਦੇ ਬੀਜ ਹੈਗੇ, ਸਮਾਂ ਵੀ ਘੱਟ ਲੈਂਦੇ ਤੇ ਮੁਨਾਫ਼ਾ ਵੀ ਚੋਖਾ ਦਿੰਦੇ।’’

ਇਹ ਸੁਣ ਕਿਸਾਨ ਨੇ ਆਪਣੇ ਬਲਦ ਰੋਕ ਲਏ ਤੇ ਬੜੇ ਹੀ ਠਰ੍ਹੰਮੇ ਨਾਲ ਸ਼ਾਂਤ ਚਿੱਤ ਹੋ ਉੱਤਰ ਦਿੱਤਾ, ‘‘ਭਰਾਵਾ ਤੇਰਾ ਧੰਨਵਾਦ! ਪਰ ਮੈਂ ਲਾਲਚ ਦੀ ਖੇਤੀ ਨਹੀਂ ਕਰਦਾ। ਮੈਨੂੰ ਆਪਣੀ ਇਸ ਸਬਰ ਦੀ ਖੇਤੀ ਤੋਂ ਮਿਲਦੀ ਰੁੱਖੀ-ਸੁੱਖੀ ਹੀ ਆਨੰਦ ਦਿੰਦੀ ਹੈ। ਤੇਰੇ ਇਹ ਲਾਲਚ ਵਾਲੇ ਬੀਜ ਬੀਜ ਕੇ ਮੈਂ ਮੁਨਾਫ਼ਾ ਤਾਂ ਭਾਵੇਂ ਵੱਧ ਕਮਾ ਲਵਾਂ, ਪਰ ਮੇਰਾ ਸੁੱਖ-ਚੈਨ ਸਦਾ ਲਈ ਜਾਂਦਾ ਰਹੇਗਾ।’’ ਇਹ ਆਖ ਕੇ ਕਿਸਾਨ ਨੇ ਆਪਣੇ ਬਲਦ ਤੋਰ ਲਏ।

ਧਨੀ ਰਾਮ ਕਿਸਾਨ ਦਾ ਇਹ ਉੱਤਰ ਸੁਣ ਸੋਚਾਂ ਵਿੱਚ ਪੈ ਗਿਆ। ਪਿਛਲੇ ਸਾਲਾਂ ਵਿੱਚ ਉਸ ਨੇ ਇੰਨਾ ਕੁ ਧਨ ਕਮਾ ਲਿਆ ਸੀ ਕਿ ਉਸ ਦੀਆਂ ਸੱਤ ਪੁਸ਼ਤਾਂ ਬੈਠੀਆਂ ਹੀ ਖਾ ਸਕਣ, ਪਰ ਫਿਰ ਵੀ ਉਸ ਦੇ ਮਨ ਦਾ ਲਾਲਚ ਉਸ ਨੂੰ ਟਿਕ ਕੇ ਬੈਠਣ ਨਹੀਂ ਦਿੰਦਾ ਸੀ। ਕਿਸਾਨ ਦੇ ਇਨ੍ਹਾਂ ਬੋਲਾਂ ਨੇ ਉਸ ਦੇ ਮਨ ਨੂੰ ਅਜਿਹੀ ਠੋਕਰ ਮਾਰੀ ਕਿ ਉਹ ਉੱਥੋਂ ਹੀ ਵਾਪਸ ਮੁੜ ਪਿਆ। ਘਰ ਆ ਉਸ ਨੇ ਗੁਜ਼ਾਰੇ ਜੋਗੀ ਧਨ-ਦੌਲਤ ਰੱਖ ਕੇ ਬਾਕੀ ਸਭ ਲੋੜਵੰਦਾਂ ਵਿੱਚ ਵੰਡ ਦਿੱਤੀ। ਲਾਲਚ ਨੂੰ ਛੱਡ ਹੁਣ ਉਸ ਦਾ ਮਨ ਵੀ ਸਬਰ ਦੀ ਖੇਤੀ ਕਰਨ ਲੱਗਾ ਸੀ।