ਕੀਵ, 

ਰੂਸ ਦੇ ਕਾਲਾ ਸਾਗਰ ਜਹਾਜ਼ੀ ਬੇੜੇ ਦੇ ਹੈੱਡਕੁਆਰਟਰ ਵਿੱਚ ਅੱਜ ਹੋਏ ਡਰੋਨ ਧਮਾਕੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ। ਕ੍ਰੀਮੀਆ ਪ੍ਰਾਇਦੀਪ ਦੇ ਸੇਵਾਸਤੋਪੋਲ ਸ਼ਹਿਰ ਸਥਿਤ ਹੈੱਡਕੁਆਰਟਰ ਵਿੱਚ ਧਮਾਕੇ ਮਗਰੋਂ ਰੂਸੀ ਜਲ ਸੈਨਾ ਦਿਵਸ ਸਬੰਧੀ ਛੁੱਟੀ ਰੱਦ ਕਰ ਦਿੱਤੀ ਗਈ ਹੈ। ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਪ੍ਰਾਇਦੀਪ ’ਤੇ ਹਮਲਾ ਕਰਕੇ ਉਸ ਨੂੰ ਯੂਕਰੇਨ ਤੋਂ ਖੋਹ ਲਿਆ ਸੀ। ਕਾਲਾ ਸਾਗਰ ਬੇੜੇ ਦੀ ਪ੍ਰੈੱਸ ਸਰਵਿਸ ਨੇ ਦੱਸਿਆ ਕਿ ਹਮਲਾ  ਡਰੋਨ ਨਾਲ ਕੀਤਾ ਗਿਆ ਜਿਹੜਾ ਕਿ ਦੇਸੀ ਲਗਦਾ ਹੈ। ਸੇਵਾਸਤੋਪੋਲ ਦੇ ਮੇਅਰ ਮਿਖਾਈਲ ਰਾਜ਼ਵੋਜ਼ੇਵ ਨੇ ਕਿਹਾ ਕਿ ਧਮਾਕਾਖੇਜ਼ ਉਪਕਰਨ ‘ਘੱਟ ਸਮਰੱਥਾ’ ਵਾਲਾ ਸੀ ਪਰ ਧਮਾਕੇ ਵਿੱਚ ਛੇ ਜਣੇ ਹੋ ਜ਼ਖ਼ਮੀ ਹੋ ਗਏ। ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਡਰੋਨ ਨੇ ਕਿੱਥੋਂ ਉਡਾਣ ਭਰੀ ਸੀ। ਸੇਵਾਸਤੋਪੋਲ ਯੂਕਰੇਨ ਤੋਂ ਲਗਪਗ 170 ਕਿਲੋਮੀਟਰ (100 ਮੀਲ) ਦੂਰ ਹੈ।