ਕਾਨ (ਫਰਾਂਸ):ਅਦਾਕਾਰਾ ਮੌਨੀ ਰੌਏ ਕੱਲ੍ਹ ਪਹਿਲੀ ਵਾਰ ਕਾਨ ਫਿਲਮ ਫੈਸਟੀਵਲ ਵਿੱਚ ਪਹੁੰਚੀ। ਉਸ ਨੇ ਸੋਸ਼ਲ ਮੀਡੀਆ ’ਤੇ ਇਸ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਸ਼ਾਨਦਾਰ ਸ਼ੁਰੂਆਤ ’ਚ ਮਦਦ ਲਈ ਆਪਣੀ ਟੀਮ ਦੀ ਸ਼ਲਾਘਾ ਕੀਤੀ। ਤਸਵੀਰਾਂ ਦੀ ਕੈਪਸ਼ਨ ਵਿੱਚ ਉਸ ਨੇ ਕਿਹਾ, ‘‘ਪਹਿਲੀ ਵਾਰ ਕਾਨ ਦੇ ਰੈੱਡ ਕਾਰਪੈੱਟ ’ਤੇ ਤੁਰੀ। ਮੈਂ ਆਪਣੀ ਟੀਮ ਦੀ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੈਂ ਤ੍ਰਿਸ਼ਲਾ ਗੋਕੁਲਦਾਰ ਦੀ ਸ਼ੁਕਰਗੁਜ਼ਾਰ ਹਾਂ। ਇਸੇ ਤਰ੍ਹਾਂ ਵਿਅਕਤੀਗਤ ਤੌਰ ’ਤੇ ਨਾਲ ਨਾ ਹੋ ਕੇ ਵੀ ਮੇਨਕਾ ਹਰਸਿੰਘਾਨੀ ਵੀਡੀਓ ਕਾਲ ਰਾਹੀਂ ਮੇਰੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ। ਬਹੁਤ ਬਹੁਤ ਪਿਆਰ। ਅਕਸ਼ੈ ਤਿਆਗੀ ਤੁਸੀਂ ਮੇਰੇ ’ਤੇ ਰੱਬ ਵਾਂਗ ਦਿਆਲਤਾ ਦਿਖਾਈ। ਪੰਖੁੜੀ ਅਤੇ ਸਾਂਤੂ ਮਿਸ਼ਰਾ ਨੇ ਮੈਨੂੰ ਰਾਹ ਦਿਖਾਇਆ ਅਤੇ ਸ਼ਕੀਲ ਬਿਨ ਅਫਜ਼ਲ ਤੇ ਵਿਲਸਨ ਬੈਲੇਰਿਨ ਵੀ ਬਹੁਤ ਦਿਆਲੂ ਤੇ ਸਬਰ ਵਾਲੇ ਦੋਸਤ ਸਾਬਤ ਹੋਏ। ਇਹ ਮੇਰੀ ਸੁਫ਼ਨਿਆਂ ਵਰਗੀ ਸ਼ੁਰੂਆਤ ਸੀ ਅਤੇ ਮੈਂ ਇਸ ਦਾ ਹਰ ਪਲ ਯਾਦ ਰੱਖਾਂਗੀ। ਆਉਣ ਵਾਲੇ ਦਿਨਾਂ ਲਈ ਮੈਂ ਇਸ ਦੀਆਂ ਕਈ ਯਾਦਾਂ ਨਾਲ ਲੈ ਕੇ ਜਾ ਰਹੀ ਹਾਂ। ਇਸ ਦੀਆਂ ਤਸਵੀਰਾਂ ਮੈਂ ਲਗਾਤਾਰ ਸਾਂਝੀਆਂ ਕਰਦੀ ਰਹਾਂਗੀ।’’ ਉਸ ਦੇ ਪ੍ਰਸ਼ੰਸਕਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਕੇ ਉਸ ਦੀ ਦਿੱਖ ਦੀ ਸ਼ਲਾਘਾ ਕੀਤੀ।