ਹਰਿੰਦਰ ਸਿੰਘ ਗੋਗਨਾ

ਸੰਨੀ ਦੇ ਜਨਮ ਦਿਨ ਮੌਕੇ ਇਸ ਵਾਰ ਜਦੋਂ ਉਸ ਦੇ ਨਾਨਾ ਜੀ ਆਏ ਤਾਂ ਉਨ੍ਹਾਂ ਨੇ ਉਸ ਨੂੰ ਉਪਹਾਰ ਵਜੋਂ ਇੱਕ ਸਮਾਰਟ ਫੋਨ ਦਿੱਤਾ। ਸੰਨੀ ਦੇ ਨਾਨਾ ਜੀ ਨੇ ਜਾਣ ਸਮੇਂ ਸੰਨੀ ਨੂੰ ਸਮਝਾਇਆ ਕਿ ਇਸ ਦੀ ਦੁਰਵਰਤੋਂ ਕਦੇ ਨਹੀਂ ਕਰੇਗਾ ਤੇ ਆਪਣੀ ਪੜ੍ਹਾਈ ਪਹਿਲਾਂ ਵਾਂਗ ਹੀ ਲਗਨ ਨਾਲ ਕਰਦਾ ਰਹੇਗਾ। ਸੰਨੀ ਨੇ ਉਸ ਸਮੇਂ ਤਾਂ ਚਾਅ ਵਿੱਚ ਨਾਨਾ ਜੀ ਨਾਲ ਵਾਅਦਾ ਕਰ ਲਿਆ, ਪਰ ਵਾਅਦਾ ਨਿਭਾਅ ਨਾ ਸਕਿਆ।

 

ਹੁਣ ਉਸ ਦੀ ਪੜ੍ਹਾਈ ਪ੍ਰਤੀ ਲਗਨ ਘਟਦੀ ਹੀ ਜਾ ਰਹੀ ਸੀ ਤੇ ਮੋਬਾਈਲ ਪ੍ਰੇਮ ਵਧਦਾ ਜਾ ਰਿਹਾ ਸੀ। ਉਹ ਕਿੰਨਾ ਕਿੰਨਾ ਚਿਰ ਆਪਣੇ ਦੋਸਤਾਂ ਨਾਲ ਮੋਬਾਈਲ ’ਤੇ ਗੱਪਾਂ ਮਾਰਦਾ ਰਹਿੰਦਾ ਤੇ ਯੂ-ਟਿਊਬ ਵਿੱਚ ਮਨਪਸੰਦ ਦੀਆਂ ਵੀਡੀਓਜ਼ ਵੇਖਦਾ ਰਹਿੰਦਾ ਸੀ। ਇੱਕ ਦਿਨ ਉਸ ਦੇ ਪਾਪਾ ਨੇ ਉਸ ਕੋਲੋਂ ਮੋਬਾਈਲ ਖੋਹ ਕੇ ਆਖਿਆ, ‘‘ਵੇਖਿਆ, ਜਿਸ ਦਾ ਡਰ ਸੀ ਉਹੀ ਗੱਲ ਹੋਈ। ਤੇਰੇ ਇਮਤਿਹਾਨ ਨੇੜੇ ਨੇ ਤੇ ਤੂੰ ਏਂ ਕਿ ਸਾਰਾ ਸਾਰਾ ਦਿਨ ਮੋਬਾਈਲ ਨਾਲ ਚਿਪਕਿਆ ਰਹਿੰਦਾ ਹੈਂ। ਪੜ੍ਹਾਈ ਲਈ ਤੇਰੇ ਕੋਲ ਜ਼ਰਾ ਵੀ ਸਮਾਂ ਨਹੀਂ।’’ ਸੰਨੀ ਨੇ ਵਿਖਾਵੇ ਲਈ ਪਾਪਾ ਕੋਲੋਂ ਖਿਮਾ ਮੰਗਦਿਆਂ ਦੁਬਾਰਾ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕੀਤਾ।

ਸੰਨੀ ਹੁਣ ਜਾਂ ਤਾਂ ਪਾਪਾ ਦੀ ਗ਼ੈਰ ਮੌਜੂਦਗੀ ਵਿੱਚ ਮੋਬਾਈਲ ਦੀ ਵਰਤੋਂ ਕਰਦਾ ਜਾਂ ਕਿਸੇ ਕੰਮ ਦੇ ਬਹਾਨੇ ਬਾਹਰ ਜਾ ਕੇ। ਮੰਮੀ ਕੋਲੋਂ ਤਾਂ ਉਹ ਬਿਲਕੁਲ ਵੀ ਨਹੀਂ ਸੀ ਡਰਦਾ। ਹੁਣ ਤਾਂ ਉਸ ਦਾ ਮੋਬਾਈਲ ਪ੍ਰਤੀ ਇੰਨਾ ਮੋਹ ਹੋ ਗਿਆ ਸੀ ਕਿ ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦਾ ਵਟਸਐਪ ਵੇਖਦਾ ਕਿ ਕਿਤੇ ਕਿਸੇ ਦੋਸਤ ਦਾ ਮੈਸੇਜ਼ ਤਾਂ ਨਹੀਂ ਆਇਆ ਤੇ ਫਿਰ ਹੀ ਦੂਜਾ ਕੰਮ ਕਰਦਾ। ਉਸ ਦੀ ਸਭ ਤੋਂ ਵੱਡੀ ਭੈੜੀ ਆਦਤ ਸੀ ਕਿ ਆਪਣੇ ਦੋਸਤਾਂ ਨਾਲ ਲੰਮਾ ਸਮਾਂ ਬੇਫਜ਼ੂਲ ਗੱਲਾਂ ਕਰਦਾ ਰਹਿੰਦਾ। ਜੇ ਕਦੇ ਮੰਮੀ ਉਸ ਨੂੰ ਦੇਖ ਲੈਂਦੇ ਤਾਂ ਚਲਾਕੀ ਨਾਲ ਉਨ੍ਹਾਂ ਨੂੰ ਧੋਖਾ ਦੇਣ ਲਈ ਨਾਟਕੀ ਅੰਦਾਜ਼ ਨਾਲ ਗੱਲ ਬਦਲਦਿਆਂ ਪੜ੍ਹਾਈ ਸਬੰਧੀ ਗੱਲ ਕਰਨ ਲੱਗ ਜਾਂਦਾ। ਦੂਜੇ ਪਾਸੇ ਤੋਂ ਗੱਪਾਂ ਮਾਰਦੇ ਉਸ ਦੇ ਦੋਸਤ ਸਮਝ ਜਾਂਦੇ ਕਿ ਜ਼ਰੂਰ ਉਸ ਦੇ ਮੰਮੀ-ਪਾਪਾ ਨੇੜੇ ਹੋਣਗੇ। ਉਹ ਸੰਨੀ ਦੀ ਇਸ ਚਲਾਕੀ ’ਤੇ ਮਨ ਹੀ ਮਨ ਮੁਸਕਰਾਉਂਦੇ।

ਇੱਕ ਦਿਨ ਸੰਨੀ ਦੇ ਪਾਪਾ ਦੇ ਕੁਝ ਦੋਸਤ ਉਨ੍ਹਾਂ ਦੇ ਘਰ ਆਏ ਹੋਏ ਸਨ। ਉਸ ਦੇ ਪਾਪਾ ਨੇ ਸੰਨੀ ਨੂੰ ਪੈਸੇ ਦੇ ਕੇ ਦੁਕਾਨ ਤੋਂ ਕੁਝ ਮਠਿਆਈ ਲਿਆਉਣ ਲਈ ਕਿਹਾ। ਪਾਪਾ ਦੇ ਘਰ ਹੋਣ ਕਾਰਨ ਅੱਜ ਸੰਨੀ ਨੂੰ ਮੋਬਾਈਲ ਵੇਖਣ ਦਾ ਬਹੁਤਾ ਮੌਕਾ ਨਹੀਂ ਸੀ ਮਿਲਿਆ। ਇਹੋ ਮੌਕਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਕੁਝ ਗੱਲਾਂ ਕਰਨੀਆਂ ਸਨ। ਫਿਰ ਉਸ ਨੇ ਆਪਣੇ ਦੋਸਤ ਲਾਰੰਸ ਕੋਲੋਂ ਮੋਬਾਈਲ ਬਾਰੇ ਇੱਕ ਜਾਣਕਾਰੀ ਵੀ ਲੈਣੀ ਸੀ। ਉਸ ਨੇ ਚੁੱਪਚਾਪ ਆਪਣਾ ਮੋਬਾਈਲ ਫੋਨ ਜੇਬ ਵਿੱਚ ਪਾਇਆ ਤੇ ਸਾਈਕਲ ਕੱਢਣ ਲੱਗਾ।

‘‘ਆਪਣਾ ਮੋਬਾਈਲ ਘਰ ਹੀ ਛੱਡ ਕੇ ਜਾਈਂ…।’’ ਤਦੇ ਉਸ ਦੇ ਪਾਪਾ ਦੀ ਆਵਾਜ਼ ਉਸ ਦੇ ਕੰਨੀਂ ਪਈ।

ਸੰਨੀ ਨੇ ਝੂਠ ਹੀ ਕਹਿ ਦਿੱਤਾ, ‘‘ਜੀ ਪਾਪਾ, ਉਹ ਤਾਂ ਚੁਬਾਰੇ ਵਿੱਚ ਚਾਰਜ ’ਤੇ ਲੱਗਿਆ ਹੈ।’’ ਫਿਰ ਉਹ ਤੇਜ਼ੀ ਨਾਲ ਚਲਾ ਗਿਆ। ਰਸਤੇ ਵਿੱਚ ਉਸ ਨੇ ਆਪਣੇ ਦੋਸਤ ਨੂੰ ਫੋਨ ਮਿਲਾਇਆ ਤਾਂ ਉਹ ਵਿਅਸਤ ਆ ਰਿਹਾ ਸੀ। ਉਸ ਨੇ ਸਮੇਂ ਦਾ ਵੀ ਧਿਆਨ ਰੱਖਿਆ ਤੇ ਦੁਕਾਨ ਤੋਂ ਮਠਿਆਈ ਖਰੀਦ ਕੇ ਵਾਪਸ ਘਰ ਆਉਣ ਲੱਗਾ। ਤਦੇ ਉਸ ਦੇ ਮੋਬਾਈਲ ਦੀ ਰਿੰਗਟੋਨ ਵੱਜੀ। ਉਸ ਨੇ ਦੇਖਿਆ ਫੋਨ ਉਸ ਦੇ ਦੋਸਤ ਦਾ ਹੀ ਸੀ। ਉਹ ਚਾਹੁੰਦਾ ਤਾਂ ਆਰਾਮ ਨਾਲ ਇੱਕ ਪਾਸੇ ਖੜ੍ਹ ਕੇ ਫੋਨ ਸੁਣ ਸਕਦਾ ਸੀ ਜਾਂ ਘਰ ਜਾ ਕੇ ਗੱਲ ਕਰ ਸਕਦਾ ਸੀ, ਪਰ ਉਸ ਨੇ ਚਲਦੀ ਸਾਈਕਲ ’ਤੇ ਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਤਦੇ ਇੱਕ ਖੱਡੇ ਵਿੱਚ ਸਾਈਕਲ ਵੱਜਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਹੋਇਆ ਸੜਕ ’ਤੇ ਡਿੱਗ ਪਿਆ। ਉਸ ਦਾ ਮੋਬਾਈਲ ਸੜਕ ਵਿਚਾਲੇ ਡਿੱਗ ਪਿਆ ਤੇ ਪਿੱਛੋਂ ਆਉਂਦੀ ਇੱਕ ਕਾਰ ਦੇ ਟਾਇਰ ਹੇਠ ਦੱਬ ਕੇ ਬੁਰੀ ਤਰ੍ਹਾਂ ਨਕਾਰਾ ਹੋ ਗਿਆ। ਸੰਨੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਇੱਕ ਵਿਅਕਤੀ ਨੇ ਉਸ ਨੂੰ ਪਛਾਣਦੇ ਹੀ ਉਸ ਦੇ ਪਾਪਾ ਨੂੰ ਫੋਨ ’ਤੇ ਉਸ ਬਾਰੇ ਦੱਸਿਆ।

ਸੰਨੀ ਦੀ ਅੱਖ ਖੁੱਲ੍ਹੀ ਤਾਂ ਉਹ ਹਸਪਤਾਲ ਵਿੱਚ ਸੀ ਤੇ ਉਸ ਦੇ ਮੰਮੀ-ਪਾਪਾ ਉਸ ਦੇ ਕੋਲ ਬੈਠੇ ਸਨ। ਸੰਨੀ ਨੇ ਪਾਪਾ ਨੂੰ ਦੇਖ ਕੇ ਨਜ਼ਰਾਂ ਝੁਕਾ ਲਈਆਂ ਜਦੋਂ ਉਸ ਦੇ ਪਾਪਾ ਉਸ ਦੇ ਮੰਮੀ ਨੂੰ ਕਹਿ ਰਹੇ ਸਨ, ‘‘ਮੈਨੂੰ ਪਤਾ ਲੱਗਾ ਕਿ ਇਹ ਸਾਈਕਲ ’ਤੇ ਮੋਬਾਈਲ ’ਤੇ ਗੱਲਾਂ ਕਰਨ ਵਿੱਚ ਮਸਤ ਸੀ। ਜਦੋਂਕਿ ਘਰ ਤੋਂ ਤੁਰਨ ਤੋਂ ਪਹਿਲਾਂ ਮੈਂ ਇਸ ਨੂੰ ਪੁੱਛਿਆ ਵੀ ਤਾਂ ਇਹ ਸਾਫ਼ ਝੂਠ ਬੋਲ ਗਿਆ ਕਿ ਮੋਬਾਈਲ ਤਾਂ ਘਰ ਹੀ ਛੱਡ ਕੇ ਜਾ ਰਿਹੈ।’’

ਸੰਨੀ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਸ ਦਾ ਮੋਬਾਈਲ ਬੇਕਾਰ ਹੋ ਚੁੱਕਾ ਹੈ ਜੋ ਕਿ ਉਸ ਦੇ ਪਾਪਾ ਦੀ ਜੇਬ ਵਿੱਚ ਸੀ। ਉਸ ਦੇ ਪਾਪਾ ਨੇ ਉਸ ਵੱਲ ਪਿਆਰ ਨਾਲ ਵੇਖਦੇ ਕਿਹਾ, ‘‘ਬੇਟਾ ਜੋ ਹੋਇਆ ਉਸ ’ਤੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ, ਪਰ ਵੱਡਿਆਂ ਦਾ ਆਖਾ ਨਾ ਮੰਨਣ ਦਾ ਹਮੇਸ਼ਾਂ ਇਹੋ ਨਤੀਜਾ ਹੁੰਦਾ ਹੈ। ਹਰ ਚੀਜ਼ ਦੀ ਅੱਤ ਮਾੜੀ ਹੁੰਦੀ ਐ। ਤੇਰੇ ਮੋਬਾਈਲ ਨਾਲ ਜ਼ਰੂਰਤ ਤੋਂ ਜ਼ਿਆਦਾ ਜੁੜੇ ਰਹਿਣ ਦਾ ਹੀ ਤਾਂ ਇਹ ਫ਼ਲ ਹੈ ਕਿ ਤੂੰ ਅੱਜ ਇਸ ਹਾਲਤ ਵਿੱਚ ਏਂ।’’

ਸੰਨੀ ਸਮਝ ਗਿਆ ਕਿ ਲੋੜ ਤੋਂ ਵੱਧ ਕਿਸੇ ਚੀਜ਼ ਦਾ ਇਸਤੇਮਾਲ ਤੇ ਮੋਹ ਨੁਕਸਾਨ ਹੀ ਕਰਦਾ ਹੈ। ਫਿਰ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ਪੜ੍ਹਾਈ ਵਿੱਚ ਵੀ ਕਾਫ਼ੀ ਪੱਛੜ ਗਿਆ ਹੈ। ਉਸ ਨੇ ਹੁਣ ਪਾਪਾ ਨਾਲ ਕੋਈ ਝੂਠਾ ਵਾਅਦਾ ਨਾ ਕੀਤਾ ਸਗੋਂ ਮਨ ਹੀ ਮਨ ਪੱਕਾ ਸੰਕਲਪ ਕੀਤਾ ਕਿ ਆਪਣਾ ਸਾਰਾ ਧਿਆਨ ਪੜ੍ਹਾਈ ਵਿੱਚ ਲਗਾਵੇਗਾ।