ਬਰਮਿੰਘਮ:ਭਾਰਤ ਦਾ ਐੱਚ.ਐੱਸ. ਪ੍ਰਨੌਏ ਅੱਜ ਇੱਥੇ ਸਖਤ ਮੁਕਾਬਲੇ ’ਚ ਚੀਨੀ ਤਾਇਪੈ ਦੇ ਜ਼ੂ ਵੇਈ ਵੈਂਗ ਨੂੰ ਹਰਾ ਕੇ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਪਹੁੰਚ ਗਿਆ ਹੈ। ਦੁਨੀਆ ਦੇ 9ਵੇਂ ਨੰਬਰ ਦੇ ਭਾਰਤੀ ਖਿਡਾਰੀ ਪ੍ਰਨੌਏ ਨੇ ਪਹਿਲੇ ਗੇੜ ’ਚ ਵੈਂਗ ਨੂੰ 49 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ 21-19 22-20 ਨਾਲ ਹਰਾਇਆ। ਇਸ ਜਿੱਤ ਨਾਲ ਵੈਂਗ ਖ਼ਿਲਾਫ਼ ਪ੍ਰਨੌਏ ਦਾ ਜਿੱਤ-ਹਾਰ ਦਾ ਰਿਕਾਰਡ 5-3 ਹੋ ਗਿਆ ਹੈ। ਦੂਜੇ ਵਿੱਚ ਪ੍ਰਨੌਏ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਤੀਜਾ ਦਰਜਾ ਪ੍ਰਾਪਤ ਐਂਥਨੀ ਸਿਨਸੁਕਾ ਗਿਨਟਿੰਗ ਅਤੇ ਥਾਈਲੈਂਡ ਦੇ ਕੈਂਟਾਫੋਨ ਵੈਂਗਚਰੋਏਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।