ਹਨੋਈ, 12 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਅਤਨਾਮ ਦੀ ਆਪਣੀ ਪਹਿਲੀ ਯਾਤਰਾ ਦੇ ਆਖਰੀ ਦਿਨ ਅੱਜ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਕਾਰੋਬਾਰੀ ਸਬੰਧਾਂ ਤੇ ਭਾਈਵਾਲੀਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਆਪਣੇ ਮਰਹੂਮ ਮਿੱਤਰ ਤੇ ਸਹਿਕਰਮੀ ਸੈਨੇਟਰ ਜੌਹਨ ਮੈੱਕੇਨ ਦੇ ਸਮਾਰਕ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਇਡਨ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿਨ੍ਹ ਨਾਲ ਮੁਲਾਕਾਤ ਕੀਤੀ ਜੋ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਅਮਰੀਕੀ ਤੇ ਵੀਅਤਨਾਮ ਦੇ ਉਦਯੋਗਪਤੀਆਂ ਦੀ ਮੀਟਿੰਗ ’ਚ ਵੀ ਹਾਜ਼ਰ ਰਹੇ। ਬਾਇਡਨ ਨੇ ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੁਓਂਗ ਨਾਲ ਵੀ ਮੁਲਾਕਾਤ ਕੀਤੀ। ਥੁਓਂਗ ਨੇ ਬਾਇਡਨ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਬਾਇਡਨ ਨੇ ਵੀਅਤਨਾਮ ਦੀ ਸੈਮੀ ਕੰਡਕਟਰ ਇੰਡਸਟਰੀ ਨੂੰ ਮਜ਼ਬੂਤ ਕਰਨ ਅਤੇ ਮੁਕਤ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਨ੍ਹਾਂ ਵੱਖ ਵੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ, ‘ਮੇਰਾ ਅੱਜ ਦਾ ਸੁਨੇਹਾ ਬਿਲਕੁਲ ਸੌਖਾ ਹੈ। ਇਸੇ ਤਰ੍ਹਾਂ ਕੰਮ ਕਰਦੇ ਰਹੋ। ਸਾਨੂੰ ਆਪਣਾ ਸਹਿਯੋਗ ਵਿਕਸਿਤ ਕਰਨ ਤੇ ਅੱਗੇ ਵਧਾਉਣ ਦੀ ਲੋੜ ਹੈ। ਸਾਨੂੰ ਨਵੀਆਂ ਭਾਈਵਾਲੀਆਂ ਬਣਾਉਣ ਦੀ ਲੋੜ ਹੈ।’