ਓਟਵਾ, 8 ਮਈ : ਲਿਬਰਲ ਸਰਕਾਰ ਵੱਲੋਂ ਅੱਜ ਫੈਡਰਲ ਸਰਕਾਰ ਦੇ ਬਹੁ-ਕਰੋੜੀ ਗੰਨ ਤੇ ਗੈਂਗ ਵਾਇਲੰਸ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।
ਓਟਵਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਐਲਾਨ ਅੱਜ ਸਵੇਰੇ 9:30 ਵਜੇ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਵੱਲੋਂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਗੰਨ ਤੇ ਗੈਂਗ ਵਾਇਲੰਸ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਕੀ ਕੰਮ ਕੀਤਾ ਜਾ ਰਿਹਾ ਹੈ ਇਸ ਬਾਰੇ ਰੋਸ਼ਨੀ ਪਾਈ ਜਾਵੇਗੀ।ਨਵੰਬਰ 2017 ਵਿੱਚ ਫੈਡਰਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਭਰ ਵਿੱਚ ਗੰਨ ਵਾਇਲੰਸ ਤੇ ਗੈਂਗ ਸਰਗਰਮੀਆਂ ਨੂੰ ਘਟਾਉਣ ਲਈ ਅਗਲੇ ਪੰਜ ਸਾਲਾਂ ਵਿੱਚ ਅੰਦਾਜ਼ਨ 327·6 ਮਿਲੀਅਨ ਡਾਲਰ ਖਰਚੇ ਜਾਣਗੇ। ਇਹ ਵੀ ਆਖਿਆ ਗਿਆ ਸੀ ਕਿ ਇਸ ਸਬੰਧੀ ਫੰਡ 2018-19 ਵਿੱਚ ਦੇਣੇ ਸ਼ੁਰੂ ਕੀਤੇ ਜਾਣਗੇ।
ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਪਹਿਲਕਦਮੀ ਵਿੱਚ ਫੈਡਰਲ, ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਵੀ ਸ਼ਾਮਲ ਹੋਣਗੀਆਂ।ਇਹ ਵੀ ਆਖਿਆ ਗਿਆ ਕਿ ਗੈਰਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਨੂੰ ਰੋਕਣ ਲਈ ਤੇ ਗੰਨਜ਼ ਤੇ ਨਸਿ਼ਆਂ ਵਰਗੇ ਗੈਰਕਾਨੂੰਨੀ ਸਾਧਨਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਾਰਡਰ ਸਕਿਊਰਿਟੀ ਨੂੰ ਵੀ ਚਾਕ-ਚੌਬੰਦ ਕੀਤਾ ਜਾਵੇਗਾ।