ਬਰੱਸਲਸ, 28 ਨਵੰਬਰ

ਫੁਟਬਾਲ ਵਿਸ਼ਵ ਕੱਪ ਵਿੱਚ ਐਤਵਾਰ ਨੂੰ ਬੈਲਜੀਅਮ ’ਤੇ ਮੋਰੱਕੋ ਦੀ 2-0 ਨਾਲ ਹੋਈ ਜਿੱਤ ਤੋਂ ਬਾਅਦ ਬੈਲਜੀਅਮ ਅਤੇ ਨੀਦਰਲੈਂਡਜ਼ ਦੇ ਕਈ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਬਰੱਸਲਸ ਵਿੱਚ ਭੀੜ ਨੂੰ ਖਦੇੜਨ ਲਈ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲੀਸ ਨੇ ਬਰੱਸਲਸ ਵਿੱਚ ਕਰੀਬ ਇਕ ਦਰਜਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਜਦਕਿ ਉੱਤਰੀ ਸ਼ਹਿਰ ਐਂਟਵਰਪ ’ਚ ਵੀ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਕਈ ਦੰਗਾਕਾਰੀਆਂ ਨੇ ਕਾਰਾਂ, ਈ-ਸਕੂਟਰਾਂ ’ਚ ਅੱਗ ਲਗਾ ਦਿੱਤੀ ਤੇ ਗੱਡੀਆਂ ’ਤੇ ਪਥਰਾਅ ਕੀਤਾ। ਘਟਨਾ ਵਿੱਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਪੁਲੀਸ ਨੇ ਕਾਰਵਾਈ ਕੀਤੀ। ਗੁਆਂਢੀ ਦੇਸ਼ ਨੀਦਰਲੈਂਡਜ਼ ਵਿੱਚ ਪੁਲੀਸ ਨੇ ਕਿਹਾ ਕਿ ਰੌਟਰਡਮ ਵਿੱਚ ਵੀ ਹਿੰਸਾ ਭੜਕ ਗਈ ਅਤੇ ਦੰਗਾ ਵਿਰੋਧੀ ਅਧਿਕਾਰੀਆਂ ਨੇ ਕਰੀਬ 500 ਵਿਅਕਤੀਆਂ ਦੇ ਫੁਟਬਾਲ ਸਮਰਥਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਪੁਲੀਸ ’ਤੇ ਪਥਰਾਅ ਕੀਤਾ ਅਤੇ ਅੱਗਾਂ ਲਾਉਣ ਤੋਂ ਇਲਾਵਾ ਭੰਨਤੋੜ ਵੀ ਕੀਤੀ। ਘਟਨਾ ਵਿੱਚ ਦੋ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਏ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਦੇਸ਼ ਦੀ ਰਾਜਧਾਨੀ ਐਮਸਟਰਡਮ ਤੇ ਹੇਗ ਵਿੱਚ ਵੀ ਅਸ਼ਾਂਤੀ ਦਾ ਮਾਹੌਲ ਹੈ।