ਜੋਗਿੰਦਰ ਕੌਰ ਅਗਨੀਹੋਤਰੀ

ਰਜਿੰਦਰ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਸਮੇਂ ਸਿਰ ਸਕੂਲ ਜਾਂਦਾ ਤੇ ਛੁੱਟੀ ਹੁੰਦੀ ਸਾਰ ਉਹ ਵਾਪਸ ਘਰ ਨੂੰ ਚੱਲ ਪੈਂਦਾ। ਰਸਤੇ ਵਿੱਚ ਆਉਂਦੇ ਵੇਲੇ ਉਸ ਦਾ ਧਿਆਨ ਦੂਜਿਆਂ ਦੀਆਂ ਸ਼ਰਾਰਤਾਂ ਵੱਲ ਨਹੀਂ ਬਲਕਿ ਆਪਣੇ ਕੰਮ ਵੱਲ ਹੁੰਦਾ। ਉਸਦੀ ਇਸ ਆਦਤ ਕਾਰਨ ਬੱਚਿਆਂ ਨੇ ਉਸਦੇ ਉਲਟੇ ਨਾਂ ਰੱਖ ਦਿੱਤੇ। ਕੋਈ ਉਸਨੂੰ ਕਿਤਾਬੀ ਕੀੜਾ ਕਹਿੰਦਾ, ਕੋਈ ਝੁੱਡੂ ਕਹਿੰਦਾ ਤੇ ਕੋਈ ਉਸਨੂੰ ਕਾਂ ਕਹਿੰਦਾ। ਇਹ ਗੱਲ ਕਦੇ ਕਦਾਈਂ ਰਾਜਿੰਦਰ ਦੇ ਕੰਨੀਂ ਵੀ ਪੈ ਜਾਂਦੀ ਪਰ ਉਹ ਚੁੱਪ ਹੀ ਰਹਿੰਦਾ। ਉਸਨੇ ਆਪਣੇ ਸਾਰੇ ਦਿਨ ਦਾ ਟਾਈਮ ਟੇਬਲ ਬਣਾਇਆ ਹੋਇਆ ਸੀ। ਸਵੇਰ ਵੇਲੇ ਉਹ ਕੁੱਝ ਸਮਾਂ ਆਪਣੀ ਮੰਮੀ ਨਾਲ ਕੰਮ ਵਿੱਚ ਹੱਥ ਵਟਾਉਂਦਾ। ਸਕੂਲ ਦਾ ਕੰਮ ਮੁਕੰਮਲ ਕਰਕੇ ਉਹ ਆਪਣੇ ਮਿੱਤਰਾਂ ਨਾਲ ਸੜਕ ਦੇ ਕਿਨਾਰੇ ਕੁੱਝ ਬੂਟਿਆਂ ਨੂੰ ਪਾਣੀ ਦੇਣ ਜਾਂਦਾ। ਇਹ ਬੂਟੇ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਲਾਏ ਸਨ।

ਇੱਕ ਦਿਨ ਰਜਿੰਦਰ ਦੀ ਜਮਾਤ ਦੇ ਇੱਕ ਮੁੰਡੇ ਹਰੀਸ਼ ਨੇ ਪੁੱਛਿਆ, “ਰਜਿੰਦਰ, ਆਪਣੀ ਜਮਾਤ ਦੇ ਕਿਸੇ ਬੱਚੇ ਨਾਲ ਵੀ ਤੇਰੀ ਦੋਸਤੀ ਨ੍ਹੀਂ?”

“ਮੇਰੇ ਸਾਰੇ ਈ ਦੋਸਤ ਨੇ।”

“ਇਹ ਕੀ ਗੱਲ ਹੋਈ? ਨਾ ਤੂੰ ਕਿਸੇ ਦੇ ਘਰ ਜਾਨੈ ਤੇ ਨਾ ਹੀ ਕਿਸੇ ਨਾਲ ਖੇਡਦੈਂ।’’

“ਖੇਡਣ ਤੇ ਘਰੇ ਜਾਣ ਨਾਲ ਦੋਸਤੀ ਨਹੀਂ ਹੁੰਦੀ।”

“ਤੂੰ ਖੇਡਦਾ ਨ੍ਹੀਂ ਹੁੰਦਾ?”

“ਹਰੀਸ਼ , ਮੈਂ ਖੇਡਦਾ ਹਾਂ ਪਰ ਮੈਂ ਆਪਣੇ ਸਾਰੇ ਕੰਮ ਵੰਡੇ ਹੋਏ ਨੇ। ਮੈਂ ਸਮਾਂ ਬਰਬਾਦ ਨਹੀਂ ਕਰਦਾ।”

“ਤੂੰ ਕਿੰਨ੍ਹਾਂ ਨਾਲ ਖੇਡਦਾ ਏਂ?”

“ਮੇਰੇ ਹੋਰ ਵੀ ਦੋਸਤ ਹੈਗੇ ਨੇ।”

“ਅੱਛਾ? ਫੇਰ ਤੂੰ ਉਨ੍ਹਾਂ ਦੇ ਘਰ ਵੀ ਜਾਂਦਾ ਹੋਵੇਂਗਾ।”

“ਹਾਂ, ਕਦੇ ਕਦਾਈਂ। ਹਰ ਰੋਜ਼ ਨਹੀਂ।”

“ਤੈਨੂੰ ਪਤੈ ਬਈ ਆਪਣੀ ਕਲਾਸ ਦੇ ਬੱਚਿਆਂ ਨੇ ਤੇਰੇ ਉਲਟੇ ਨਾਂ ਰੱਖੇ ਹੋਏ ਨੇ?”

“ਮੈਨੂੰ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ। ਮੇਰਾ ਆਪਣੇ ਕੰਮ ਵੱਲ ਹੀ ਧਿਆਨ ਹੈ। ਮੈਨੂੰ ਸਭ ਪਤੈ ਪਰ ਮੈਂ ਪਰਵਾਹ ਨਹੀਂ ਕਰਦਾ। ਜੋ ਮਰਜ਼ੀ ਆਖੀ ਜਾਣ।”

“ਤੂੰ ਘਰ ਜਾ ਕੇ ਕਿਹੜੇ ਕਿਹੜੇ ਕੰਮ ਕਰਦੈਂ?”

“ਮੈਂ ਘਰ ਜਾ ਕੇ ਥੋੜ੍ਹਾ ਜਿਹਾ ਕੁੱਝ ਖਾ ਪੀ ਕੇ ਆਰਾਮ ਕਰਦਾ ਹਾਂ। ਫੇਰ ਮੈਂ ਸਕੂਲ ਦਾ ਕੰਮ ਕਰਦਾ ਹਾਂ। ਸ਼ਾਮ ਨੂੰ ਮੈਂ ਆਪਣੇ ਦੋਸਤਾਂ ਨਾਲ ਕੁੱਝ ਦੋਸਤਾਂ ਨੂੰ ਪਾਣੀ ਪਿਲਾਉਣ ਜਾਂਦਾ ਹਾਂ। ਕਦੇ ਕਦੇ ਨਵ੍ਹਾਉਂਦਾ ਵੀ ਹਾਂ। “

“ਹੈਂ—-ਇਹੋ ਜਿਹੇ ਕਿਹੋ ਜਿਹੇ ਦੋਸਤ ਨੇ ਤੇਰੇ?”

“ਬਸ ਹੈਗੇ ਨੇ।” ਰਜਿੰਦਰ ਨੇ ਆਪਣੀ ਗੱਲ ਜਾਰੀ ਰੱਖਦਿਆਂ ਹਰੀਸ਼ ਨੂੰ ਦੱਸਿਆ, “ਫਿਰ ਅਸੀਂ ਕੁੱਝ ਸਮਾਂ ਪਾਰਕ ਵਿੱਚ ਖੇਡਦੇ ਹਾਂ ਤੇ ਸ਼ਾਮ ਨੂੰ ਆ ਕੇ ਆਪਣੀ ਮੰਮੀ ਨਾਲ ਕੰਮ ਕਰਵਾ ਦਿੰਦਾ ਹਾਂ।”

“ਤੂੰ ਆਪਣੀ ਮੰਮੀ ਨਾਲ ਕੀ ਕੰਮ ਕਰਵਾਉਨੈਂ?”

“ਮੇਰੀ ਮੰਮੀ ਰੋਟੀ ਬਣਾਉਂਦੀ ਹੈ ਤੇ ਮੈਂ ਆਪਣੇ ਦਾਦਾ ਜੀ ਤੇ ਦਾਦੀ ਜੀ ਨੂੰ ਰੋਟੀ ਫੜਾਉਂਦਾ ਹਾਂ। ਮੈਂ ਆਪਣੇ ਪਾਪਾ ਨੂੰ ਵੀ ਰੋਟੀ ਫੜਾਉਂਦਾ ਹਾਂ।”

“ਤੁਸੀਂ ਡਾਇਨਿੰਗ ਟੇਬਲ ’ਤੇ ਰੋਟੀ ਨਹੀਂ ਖਾਂਦੇ?”

“ਨਹੀਂ ਅਸੀਂ ਇਕੱਠੇ ਰੋਟੀ ਨਹੀਂ ਖਾਂਦੇ। ਮੇਰੇ ਦਾਦਾ ਜੀ ਤੇ ਦਾਦੀ ਜੀ ਬਜ਼ੁਰਗ ਨੇ। ਉਨ੍ਹਾਂ ਦੇ ਦੰਦ ਘੱਟ ਕੰਮ ਕਰਦੇ ਹਨ ਇਸ ਲਈ ਉਨ੍ਹਾਂ ਲਈ ਗਰਮ ਗਰਮ ਫੁਲਕੇ ਬਣਾ ਕੇ ਦਿੱਤੇ ਜਾਂਦੇ ਹਨ।”

“ਅੱਛਾ, ਅਸੀਂ ਤਾਂ ਇਕੱਠੇ ਹੀ ਖਾਨੇ ਹਾਂ ਪਰ ਮੇਰੇ ਦਾਦਾ ਜੀ ਤੇ ਦਾਦੀ ਜੀ ਦੀ ਰੋਟੀ ਲਈ ਮਾਈ ਰੱਖੀ ਹੋਈ ਐ।”

“ਦੇਖ ਹਰੀਸ਼, ਸੱਚੀ ਗੱਲ ਇਹ ਹੈ ਕਿ ਅਸੀਂ ਸ਼ਹਿਰ ਵਿੱਚ ਰਹਿੰਦੇ ਹੋਏ ਵੀ ਪੇਂਡੂ ਹਾਂ। ਅਸੀਂ ਆਪਣੇ ਸੰਸਕਾਰਾਂ ਨੂੰ ਛੱਡਣਾ ਨਹੀਂ ਚਾਹੁੰਦੇ। ਬਜ਼ੁਰਗਾਂ ਦੀ ਸੇਵਾ ਕਰਨੀ ਤੇ ਉਨ੍ਹਾਂ ਦਾ ਆਦਰ ਕਰਨਾ ਸਾਡਾ ਫਰਜ਼ ਹੈ।”

“ਅਸੀਂ ਵੀ ਤਾਂ ਪਿੰਡ ਤੋਂ ਈ ਆਏ ਹਾਂ।”

ਰਜਿੰਦਰ ਚੁੱਪ ਕਰ ਗਿਆ।

“ਅੱਗੇ ਤਾਂ ਗੱਲ ਦੱਸ?”

“ਫੇਰ ਮੈਂ ਵਿਹਲਾ ਹੋ ਕੇ ਆਪਣੇ ਕੰਮ ਦੀ ਦੁਹਰਾਈ ਕਰਦਾ ਹਾਂ। ਉਸਤੋਂ ਬਾਅਦ ਮੈ ਆਪਣੇ ਦਾਦਾ ਜੀ ਜਾਂ ਦਾਦੀ ਜੀ ਤੋਂ ਕਹਾਣੀ ਸੁਣਦਾ ਹਾਂ ਉਨ੍ਹਾਂ ਦੀਆਂ ਕਹਾਣੀਆਂ ਬਹੁਤ ਇੰਟਰੈਸਟਿੰਗ ਹੁੰਦੀਆਂ ਹਨ। ਫੇਰ ਮੈਂ ਸੌਂਦਾ ਹਾਂ। ਸਵੇਰੇ ਉਠਦਿਆਂ ਕੁੱਝ ਸਮਾਂ ਆਪਣੇ ਦਾਦਾ ਜੀ ਤੇ ਦਾਦੀ ਜੀ ਕੋਲ ਬੈਠਦਾ ਹਾਂ। ਥੋੜ੍ਹੀ ਜਿਹੀ ਮੰਮੀ ਦੀ ਹੈਲਪ ਕਰ ਦਿੰਦਾ ਹਾਂ ਤੇ ਫੇਰ ਤਿਆਰ ਹੋ ਜਾਂਦਾ ਹਾਂ।”

“ਸਵੇਰੇ ਨਹੀਂ ਤੂੰ ਰੋਟੀ ਖਵਾਉਂਦਾ ਆਪਣੇ ਦਾਦਾ ਜੀ ਤੇ ਦਾਦੀ ਜੀ ਨੂੰ?”

“ਨਹੀਂ। ਸਵੇਰੇ ਉਹ ਲੇਟ ਖਾਂਦੇ ਹਨ ਤੇ ਮੰਮੀ ਆਪਣੇ ਆਪ ਹੀ ਖਵਾ ਦਿੰਦੀ ਹੈ।”

“ਠੀਕ ਐ।”

“ਮੇਰੀ ਮੰਮੀ ਕਹਿੰਦੀ ਹੈ ਕਿ ਬੱਚਿਆਂ ਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ।”

ਰਜਿੰਦਰ ਦੀਆਂ ਗੱਲਾਂ ਸੁਣ ਕੇ ਹਰੀਸ਼ ਚੁੱਪ ਕਰ ਗਿਆ।

ਥੋੜ੍ਹਾ ਚਿਰ ਸੋਚਣ ਤੋਂ ਬਾਅਦ ਉਸਨੇ ਫਿਰ ਪੁੱਛਿਆ, “ਰਜਿੰਦਰ ਤੂੰ ਹਰ ਰੋਜ਼ ਆਪਣੇ ਮਿੱਤਰਾਂ ਨੂੰ ਪਾਣੀ ਪਿਲਾ ਕੇ ਆਉਨੈ!”

“ਜਿਸ ਦਿਨ ਉਨ੍ਹਾਂ ਨੂੰ ਲੋੜ ਹੁੰਦੀ ਹੈ ਉਸ ਦਿਨ ਪਾਣੀ ਪਿਲਾ ਦੇਈਦਾ ਹੈ ਨਹੀਂ ਉਨ੍ਹਾਂ ਨੂੰ ਮਿਲ ਕੇ ਆ ਜਾਂਦਾ ਹਾਂ। ਕਦੇ ਕਦਾਈਂ ਉਨ੍ਹਾਂ ਦੇ ਆਲੇ-ਦੁਆਲੇ ਸਫ਼ਾਈ ਵੀ ਕਰ ਦਿੰਦਾ ਹਾਂ।”

“ਮੈਨੂੰ ਵੀ ਲੈ ਚੱਲਿਆ ਕਰ।”

“ਤੇਰੀ ਮਰਜ਼ੀ ਐ। ਤੂੰ ਚੱਲ ਪਿਆ ਕਰ।”

“ਮੈਂ ਕਿੰਨੇ ਵਜੇ ਆਵਾਂ ਤੇਰੇ ਘਰ।”

“ਸਾਢੇ ਚਾਰ ਵਜੇ।”

ਸਕੂਲੋਂ ਛੁੱਟੀ ਹੋਈ ਤਾਂ ਹਰੀਸ਼ ਵੀ ਰਜਿੰਦਰ ਵਾਂਗ ਆਪਣੇ ਘਰ ਨੂੰ ਚੱਲ ਪਿਆ। ਉਸਨੇ ਆਪਣਾ ਸਾਈਕਲ ਰਜਿੰਦਰ ਦੇ ਨਾਲ ਰਲਾ ਲਿਆ। ਉਸਨੂੰ ਦੇਖ ਕੇ ਜਮਾਤ ਦੇ ਬੱਚੇ ਹਰੀਸ਼ ਨੂੰ ਵੀ ਉਲਟੇ ਨਾਂ ਲੈ ਕੇ ਕੁੱਝ ਕਹਿਣ ਲੱਗੇ ਪਰ ਹਰੀਸ਼ ਮਸਤੀ ਵਿੱਚ ਜਾ ਰਿਹਾ ਸੀ।

ਸਾਢੇ ਚਾਰ ਵਜੇ ਹਰੀਸ਼ ਰਜਿੰਦਰ ਦੇ ਘਰ ਪਹੁੰਚ ਗਿਆ। ਰਸਤੇ ਵਿੱਚ ਰਜਿੰਦਰ ਦੇ ਮਿੱਤਰ ਉਸਦੀ ਉਡੀਕ ਕਰ ਰਹੇ ਸਨ। ਸਾਰੇ ਇਕੱਠੇ ਹੋ ਕੇ ਨਹਿਰ ਦੇ ਕੋਲ ਪਹੁੰਚ ਗਏ। ਉਹ ਨਹਿਰ ਦੇ ਨਾਲ ਲੱਗਦੇ ਖਾਲੀ ਥਾਂ ਵਿੱਚ ਲਾਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲੱਗ ਪਏ। ਪਹਿਲਾਂ ਸਫ਼ਾਈ ਕੀਤੀ ਫੇਰ ਉਨ੍ਹਾਂ ਨੂੰ ਪਾਣੀ ਦਿੱਤਾ। ਉਨ੍ਹਾਂ ਦੇ ਪੱਤੇ ਸਾਫ਼ ਕੀਤੇ। ਹਰੀਸ਼ ਨੇ ਵੀ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਇਆ। ਵਿਹਲੇ ਹੋ ਕੇ ਉਹ ਪਾਰਕ ਵਿੱਚ ਆ ਕੇ ਖੇਡਣ ਲੱਗੇ। ਖੇਡਣ ਤੋਂ ਬਾਅਦ ਉਹ ਸਮੇਂ ਸਿਰ ਆਪਣੇ ਘਰਾਂ ਨੂੰ ਵਾਪਸ ਚੱਲ ਪਏ। ਜਦੋਂ ਰਜਿੰਦਰ ਤੇ ਹਰੀਸ਼ ਦੋਵੇਂ ਰਹਿ ਗਏ ਤਾਂ ਰਜਿੰਦਰ ਨੇ ਹਰੀਸ਼ ਨੂੰ ਪੁੱਛਿਆ, “ਅੱਜ ਤੈਨੂੰ ਕਿਵੇਂ ਲੱਗਿਆ।”

“ਬਹੁਤ ਵਧੀਆ। ਤੇਰੇ ਦੋਸਤ ਵੀ ਵਧੀਆ ਨੇ ਜਿਨ੍ਹਾਂ ਨੇ ਚੰਗੀਆਂ ਆਦਤਾਂ ਬਣਾਈਆਂ ਹੋਈਆਂ ਹਨ। ਕੀ ਇਹ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ?”

“ਹਾਂ ਬਿਲਕੁਲ। ਚੰਗੀਆਂ ਆਦਤਾਂ ਘਰ ਵਿੱਚੋਂ ਮਿਲਦੀਆਂ ਨੇ ਜਾਂ ਚੰਗੀ ਸੰਗਤ ਤੋਂ।”

“ਤੇਰੀ ਗੱਲ ਬਿਲਕੁਲ ਠੀਕ ਐ ਰਜਿੰਦਰ।”

“ਤੈਨੂੰ ਦੂਜੇ ਮਿੱਤਰ ਕਿਹੋ ਜਿਹੇ ਲੱਗੇ?”

“ਕਿਹੜੇ!”

“ਜਿੰਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।”

“ਅੱਛਾ, ਪੇੜ ਪੌਦੇ।”

“ਹਰੀਸ਼, ਇਹ ਸਾਡੇ ਸੱਚੇ ਮਿੱਤਰ ਹਨ। ਇਨ੍ਹਾਂ ਵਿੱਚ ਕੋਈ ਸਵਾਰਥ ਨਹੀਂ। ਇਹੀ ਸਾਨੂੰ ਜੀਵਨ ਦਾਨ ਦਿੰਦੇ ਹਨ। ਇਨ੍ਹਾਂ ਤੋਂ ਹੀ ਸਾਨੂੰ ਆਕਸੀਜਨ ਮਿਲ਼ਦੀ ਹੈ। ਇਹੀ ਸਾਡੇ ਲਈ ਮੀਂਹ ਪਵਾਉਂਦੇ ਹਨ। ਮੀਂਹ ਨਾਲ ਹੀ ਅੰਨ ਪੈਦਾ ਹੁੰਦਾ ਹੈ ਤੇ ਪਾਣੀ ਦੀ ਕਮੀ ਪੂਰੀ ਹੁੰਦੀ ਹੈ।”

“ਹਾਂ ਬਿਲਕੁਲ ਠੀਕ ਐ ਮਿੱਤਰ। ਇਹ ਸਾਨੂੰ ਅਮੁੱਲ ਦਾਤਾਂ ਦਿੰਦੇ ਹਨ।”

“ਇਹ ਤਾਂ ਦਾਤੇ ਹਨ ਜੋ ਦਿੰਦੇ ਹਨ ਪਰ ਲੈਂਦੇ ਕੁੱਝ ਨਹੀਂ। ਇਨ੍ਹਾਂ ਤੋਂ ਫਲ ਤਾਂ ਪ੍ਰਾਪਤ ਹੁੰਦੇ ਹੀ ਹਨ। ਸਗੋਂ ਨਾਲ ਹੀ ਇਹ ਸਾਨੂੰ ਬਾਲਣ ਲਈ ਲੱਕੜਾਂ ਤੇ ਲੱਕੜ ਤੋਂ ਬਣਨ ਵਾਲੀਆਂ ਅਨੇਕਾਂ ਚੀਜ਼ਾਂ ਦਿੰਦੇ ਹਨ। ਨਾਲ ਹੀ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਦੀ ਖੁਸ਼ਬੂ। ਸਾਡੇ ਮੂੰਹ ਵਿੱਚੋਂ ਨਿਕਲੀ ਕਾਰਬਨਡਾਈਆਕਸਾਈਡ ਨੂੰ ਵੀ ਇਝ ਜਜ਼ਬ ਕਰਦੇ ਹਨ। ਇਹ ਤਾਂ ਦਾਤੇ ਨੇ ਦਾਤੇ!”