ਇਹ ਦੌਰ ਵੀ ਨਵਾਂ-ਨਵਾਂ ਚੱਲਿਆ ਸੀ, ਜੋ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਸਨ, ਉਨ੍ਹਾਂ ਨੂੰ ਸਕੂਲ ਦਾ ਸਬਕ ਯਾਦ ਕਰਵਾਉਣ ਲਈ ਵੱਖਰੇ ਤੌਰ ’ਤੇ ਸ਼ਾਮਾਂ ਨੂੰ ਕੁਝ ਸਮੇਂ ਲਈ ਨੇੜੇ ਹੀ ਕਿਸੇ ਅਧਿਆਪਕ ਕੋਲ ਪੜ੍ਹਨ ਲਈ ਭੇਜਿਆ ਜਾਂਦਾ ਸੀ। ਇਸ ਨਾਲ ਵਿਦਿਆਰਥੀ ਨੂੰ ਸਕੂਲੋਂ ਮਿਲੇ ਸਬਕ ਦੀ ਦੁਹਰਾਈ ਹੋ ਜਾਂਦੀ ਸੀ। ਟਿਊਸ਼ਨ ਪੜ੍ਹਨ ਜਾਣਾ ਇੱਕ ਸ਼ਰਮ ਵਾਲਾ ਵਰਤਾਰਾ ਹੁੰਦਾ ਸੀ। ਇਸ ਗੱਲ ਨੂੰ ਅਮਨ ਚੰਗੀ ਤਰ੍ਹਾਂ ਸਮਝਦਾ ਸੀ। ਕਿਉਂਕਿ ਉਸ ਦੇ ਮਾਤਾ-ਪਿਤਾ ਬੜੇ ਫਖ਼ਰ ਨਾਲ ਦੱਸਦੇ ਸਨ ਕਿ ਸਾਡਾ ਪੁੱਤਰ ਬਿਨਾਂ ਟਿਊਸ਼ਨ ਤੋਂ ਹੀ ਸਕੂਲ ਵਿੱਚ ਚੰਗੀ ਤਰ੍ਹਾਂ ਪੜ੍ਹ ਕੇ ਆਉਂਦਾ ਹੈ। ਘਰ ਆ ਕੇ ਖ਼ੂਬ ਖੇਡਦਾ ਹੈ, ਜਿਸ ਕਰਕੇ ਮਾਨਸਿਕ ਵਿਕਾਸ ਦੇ ਨਾਲ ਉਸ ਦਾ ਸਰੀਰਕ ਵਿਕਾਸ ਵੀ ਹੁੰਦਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕੁਝ ਸਮਾਂ ਆਪਣੇ ਸਬਕ ਨੂੰ ਯਾਦ ਕਰਦਾ ਹੈ।

ਜਿਵੇਂ-ਜਿਵੇਂ ਅਗਲੀ ਜਮਾਤ ਵਿੱਚ ਅਮਨ ਦਾਖਲ ਹੁੰਦਾ ਗਿਆ, ਉਹ ਹੋਰ ਵੀ ਜ਼ਿੰਮੇਵਾਰੀ ਨਾਲ ਪੜ੍ਹਾਈ, ਖੇਡਾਂ ਅਤੇ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦਾ ਰਿਹਾ। ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਇੱਕ ਨਵੇਂ ਅਧਿਆਪਕ ਨੇ ਸਕੂਲ ਵਿੱਚ ਡਿਊਟੀ ਜੁਆਇਨ ਕੀਤੀ। ਸ਼ਹਿਰੀ ਸਕੂਲ ਦੇ ਵਾਤਾਵਰਨ ਵਿੱਚੋਂ ਆ ਕੇ ਇਸ ਕਸਬੇ ਦੇ ਸਕੂਲ ਵਿੱਚ ਵੀ ਉਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਅੰਕਾਂ ਦੀ ਖੇਡ ਮਗਰ ਲਗਾ ਲਿਆ। ਇਸ ਸਾਰੇ ਦਾ ਅਸਰ ਅਮਨ ਦੇ ਮਨ ’ਤੇ ਵੀ ਪਿਆ, ਉਸ ਨੂੰ ਵੀ ਜਮਾਤ ਵਿੱਚ ਨਿੱਕੀ ਜਿਹੀ ਰੈੱਡ ਲਾਈਨ ਤੋਂ ਡਰ ਲੱਗਣ ਪਿਆ। ਨਵੇਂ ਅਧਿਆਪਕ ਦਾ ਪ੍ਰਭਾਵ ਹੋਰਨਾਂ ਵਿਦਿਆਰਥੀਆਂ ਉੱਤੇੇ ਵੀ ਪਿਆ। ਨਵੇਂ ਅਧਿਆਪਕ ਵੱਲੋਂ ਵੰਨ-ਸੁਵੰਨੇ ਪ੍ਰਾਜੈਕਟ ਵਰਕ, ਗਤੀਵਿਧੀਆਂ, ਸਬਕ ਨੂੰ ਇੰਟਰਨੈੱਟ ਤੋਂ ਚੋਰੀ ਕਰਕੇ ਕਾਪੀਆਂ ਉੱਤੇ ਲਿਖ ਲਿਆਉਣ, ਵੰਨ-ਸੁਵੰਨੇ ਵਿਸ਼ਿਆਂ ਬਾਰੇ ਅਜੀਬ ਕਿਸਮਾਂ ਦੇ ਪ੍ਰਾਜੈਕਟ, ਅੰਕਾਂ ਦਾ ਡਰ, ਰੈੱਡ-ਲਾਈਨ ਦੀ ਘਰਬਰਾਹਟ ਨੇ ਅਮਨ ਕੋਲੋਂ ਉਸ ਦਾ ਸਮਾਂ ਹੀ ਖੋਹ ਲਿਆ। ਸਕੂਲ ਤੋਂ ਘਰ ਆ ਕੇ ਉਹ ਅਜੀਬੋ-ਗਰੀਬ ਵਸਤੂਆਂ ਦੀ ਮੰਗ ਕਰਦਾ ਤਾਂ ਜੋ ਉਸ ਦੇ ਮਾਤਾ-ਪਿਤਾ ਉਸ ਨੂੰ ਬਾਜ਼ਾਰੋਂ ਲਿਆ ਕੇ ਦੇਣ ਅਤੇ ਉਹ ਵਧੀਆ ਤੋਂ ਵਧੀਆ ਪ੍ਰਾਜੈਕਟ ਬਣਾ ਸਕੇ। ਇਸ ਉੱਪਰ ਖ਼ਰਚਾ ਵੀ ਕਾਫ਼ੀ ਹੁੰਦਾ ਅਤੇ ਪ੍ਰਾਜੈਕਟ/ਮਾਡਲ ਜਦੋਂ ਸਕੂਲ ਲੈ ਕੇ ਜਾਂਦਾ ਤਾਂ ਦਸਾਂ ਵਿੱਚੋਂ ਕੁੱਝ ਨੰਬਰ ਲੱਗ ਜਾਣ ’ਤੇ ਉਸ ਨੂੰ ਖ਼ੁਸ਼ੀ ਹੁੰਦੀ। ਫਿਰ ਅਗਲੇ ਦਿਨਾਂ ਵਿੱਚ ਹਜ਼ਾਰਾਂ ਰੁਪਿਆਂ ਦੀ ਮਿਹਨਤ ਨਾਲ ਬਣਾਇਆ ਮਾਡਲ ਜਮਾਤ ਵਿੱਚੋਂ ਸਟਾਫ ਰੂਮ ਵਿੱਚ ਚਲਾ ਜਾਂਦਾ। ਫਿਰ ਹਫ਼ਤੇ ਕੁ ਬਾਅਦ ਕਾਗਜ਼ਾਂ/ਮਾਡਲਾਂ/ਪ੍ਰਾਜੈਕਟਾਂ ਨੂੰ ਬੇਫਜ਼ੂਲੇ ਸਮਝ ਕੇ ਸਕੂਲ ਦੇ ਸਟੋਰ ਰੂਮ ਵਿੱਚ ਸੁੱਟ ਦਿੱਤਾ ਜਾਂਦਾ। ਇਹ ਦੇਖ ਕੇ ਅਮਨ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਸ ਦੇ ਮਾਂ-ਬਾਪ ਵੱਲੋਂ ਸਖ਼ਤ ਮਿਹਨਤ ਨਾਲ ਕਮਾਏ ਪੈਸੇ ਅਤੇ ਉਸ ਵੱਲੋਂ ਕੀਤੀ ਗਈ ਮਿਹਨਤ ਅਧਿਆਪਕਾਂ ਵੱਲੋਂ ਕੂੜੇ ਵਿੱਚ ਸੁੱਟ ਦਿੱਤੀ ਗਈ ਹੈ। ਇਹ ਸੱਚ ਵੀ ਸੀ। ਹਰ ਰੋਜ਼ ਨਵੇਂ-ਨਵੇਂ ਵਿਸ਼ਿਆਂ ’ਤੇ ਪ੍ਰਾਜੈਕਟ-ਵਰਕ ਮਿਲਦੇ, ਪੜ੍ਹਾਈ ਵੀ ਕਰਨੀ ਪੈਂਦੀ, ਟੈਸਟ ਵੀ ਯਾਦ ਕਰਨੇ ਪੈਂਦੇ, ਸਕੂਲ ਦਾ ਸਬਕ, ਘਰ ਦਾ ਸਬਕ ਸਾਰੇ ਕੁਝ ਵਿੱਚ ਅਮਨ ਉਲਝਦਾ ਜਾ ਰਿਹਾ ਸੀ। ਹੁਣ ਉਹ ਘਰ ਆਉਂਦੇ ਹੀ ਪਾਣੀ ਪੀ ਕੇ ਪੜ੍ਹਨ-ਲਿਖਣ ਜਾਂ ਪ੍ਰਾਜੈਕਟ ਬਣਾਉਣ ਲੱਗ ਜਾਂਦਾ। ਇਸ ਕਾਰਨ ਉਸ ਕੋਲ ਖੇਡਣ ਲਈ ਸਮਾਂ ਨਹੀਂ ਸੀ ਬਚਿਆ। ਫਿਰ ਵੀ ਉਸ ਨੂੰ ਇੰਜ ਲੱਗਦਾ ਸੀ ਕਿ ਉਹ ਫੇਲ੍ਹ ਹੋ ਜਾਵੇਗਾ।

ਇਸ ਲਈ ਉਸ ਨੇ ਵੀ ਮਾਤਾ-ਪਿਤਾ ਕੋਲੋਂ ਟਿਊਸ਼ਨ ਰਖਵਾਉਣ ਦੀ ਮੰਗ ਕੀਤੀ, ਪਰ ਅਮਨ ਦੇ ਮਾਤਾ-ਪਿਤਾ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ, ਜਦੋਂ ਅਮਨ ਨੇ ਕਿਹਾ ਕਿ ਮੈਂ ਸਿਰਫ਼ ਟਿਊਸ਼ਨ ਨਹੀਂ ਰੱਖਣੀ ਸਗੋਂ ਟਿਊਸ਼ਨਾਂ ਰੱਖਣੀਆਂ ਹਨ। ਹਰੇਕ ਵਿਸ਼ੇ ਲਈ ਵੱਖਰਾ ਅਧਿਆਪਕ। ਹੁਣ ਅਮਨ ਦੀ ਪੜ੍ਹਾਈ ਅਤੇ ਉੱਜਵਲ ਭਵਿੱਖ ਲਈ ਮਾਤਾ-ਪਿਤਾ ਨੂੰ ਉਸ ਦੀ ਗੱਲ ਮੰਨਣੀ ਪਈ। ਪੜ੍ਹਾਈ ਅਤੇ ਬੇਫਜ਼ੂਲੇ ਪ੍ਰਾਜੈਕਟ ਵਰਕ, ਵੱਧ ਅੰਕ ਲੈਣ ਦੀ ਲਾਲਸਾ ਕਾਰਨ ਅਮਨ ਤਣਾਅ ਵਿੱਚ ਰਹਿਣ ਲੱਗ ਪਿਆ। ਸਾਰਾ ਦਿਨ ਕਿਤਾਬਾਂ ਤੋਂ ਰੱਟੇ ਮਾਰਦਾ, ਸਕੂਲ ਤੋਂ ਆ ਕੇ ਪਹਿਲਾਂ ਇੱਕ ਟਿਊਸ਼ਨ, ਫਿਰ ਦੂਜੀ ਤੇ ਫਿਰ ਤੀਜੀ, ਰਾਤ ਗਈ ਨੂੰ ਘਰ ਆਉਂਦਾ। ਉਸ ਦੀ ਸਿਹਤ ਵਿੱਚ ਵੀ ਗਿਰਾਵਟ ਆਉਣ ਲੱਗ ਪਈ।

ਇਸ ਸਭ ਕਾਸੇ ਨੇ ਅਮਨ ਦੇ ਮਾਤਾ-ਪਿਤਾ ਨੂੰ ਕਾਫ਼ੀ ਚਿੰਤਾ ਵਿੱਚ ਪਾ ਦਿੱਤਾ, ਪਰ ਅਮਨ ਦੇ ਦਿਮਾਗ਼ ਵਿੱਚ ਅੰਕਾਂ ਦਾ ਐਸਾ ਜਾਲ ਵਿੱਛ ਚੁੱਕਿਆ ਸੀ ਜਿਸ ਨੂੰ ਕੱਟ ਪਾਉਣਾ ਸ਼ਾਇਦ ਮਾਤਾ-ਪਿਤਾ ਦੇ ਵੱਸ ਵਿੱਚ ਨਹੀਂ ਸੀ। ਉਨ੍ਹਾਂ ਨੂੰ ਇਉਂ ਲੱਗਣ ਲੱਗ ਪਿਆ ਜਿਵੇਂ ਉਨ੍ਹਾਂ ਦਾ ਹੱਸਦਾ-ਖੇਡਦਾ ਅਮਨ ਉਨ੍ਹਾਂ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ ਅਤੇ ਸਕੂਲ ਵਿੱਚ ਜਿੱਥੇ ਸ਼ਿਸ਼ਟਾਚਾਰ, ਜ਼ਿੰਦਗੀ ਦੇ ਮੁੱਢਲੇ ਅਸੂਲ, ਹੱਸਣਾ-ਖੇਡਣਾ, ਜ਼ਿੰਦਗੀ ਨੂੰ ਜਿਊਣਾ ਸਿਖਾਇਆ ਜਾਣਾ ਚਾਹੀਦਾ ਹੈ। ਉੱਥੇ ਅੱਜ ਬੱਚਿਆਂ ਨੂੰ ਮਸ਼ੀਨਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਨਵੇਂ ਅਧਿਆਪਕ ਦਾ ਸਕੂਲ ਵਿੱਚ ਪ੍ਰਭਾਵ ਬਣ ਚੁੱਕਿਆ ਸੀ। ਇਸ ਲਈ ਅਮਨ ਦੇ ਮਾਤਾ-ਪਿਤਾ ਨੇ ਆਨੇ ਬਹਾਨੇ ਨੌਵੀਂ ਜਮਾਤ ਤੋਂ ਰਮਨ ਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਨੇੜੇ ਦੇ ਹੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜਿੰਨੀ ਵੱਡੀ ਰਕਮ ਉਹ ਆਪਣੇ ਇਸ ਇੱਕ ਬੱਚੇ ਉੱਤੇ ਖ਼ਰਚ ਕਰਦੇ ਸਨ, ਉਨ੍ਹਾਂ ਨੇ ਰਮਨ ਦੀ ਪੂਰੀ ਜਮਾਤ ਨੂੰ ਸਪਾਂਸਰ ਕਰ ਦਿੱਤਾ।

ਸਰਕਾਰੀ ਸਕੂਲ ਦੇ ਤਜਰਬੇਕਾਰ ਅਧਿਆਪਕਾਂ ਵੱਲੋਂ ਸੌਖੇ ਅਤੇ ਅਨੇਕਾਂ ਢੰਗਾਂ ਨਾਲ ਸਮਝਾਏ ਜਾਂਦੇ ਫਾਰਮੂਲੇ ਝੱਟ ਅਮਨ ਦੀ ਸਮਝ ਵਿੱਚ ਪੈ ਜਾਂਦੇ। ਖੁੱਲ੍ਹੀ-ਡੁੱਲ੍ਹੀ ਮੈਦਾਨ ਵਿੱਚ ਉਹ ਅੱਧੀ ਛੁੱਟੀ ਵੇਲੇ ਖੁੱਲ੍ਹ ਕੇ ਖੇਡਦਾ। ਘਰ ਜਾ ਕੇ ਪੂਰਾ ਸਮਾਂ ਪੜ੍ਹਾਈ ਕਰਦਾ। ਕੋਈ ਟਿਊਸ਼ਨ ਦਾ ਝੰਜਟ ਨਹੀਂ ਸੀ ਰਿਹਾ। ਉਹ ਅੱਗੇ ਨਾਲੋਂ ਸਰੀਰਕ ਤੌਰ ’ਤੇ ਵੀ ਵਧਣ-ਫੁੱਲਣ ਲੱਗਾ ਅਤੇ ਮਾਤਾ-ਪਿਤਾ ਨਾਲ ਵੀ ਸਮਾਂ ਬਿਤਾਉਣ ਲੱਗ ਪਿਆ। ਆਪਣੀ ਮਿਹਨਤ ਸਦਕਾ ਉਹ ਦਸਵੀਂ ਜਮਾਤ ਵਿੱਚ ਆਪਣੇ ਪੂਰੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ’ਤੇ ਰਿਹਾ।

ਅਮਨ ਦੇ ਮਾਂ-ਬਾਪ ਤਾਂ ਸਮਾਂ ਰਹਿੰਦੇ ਸਮਝ ਗਏ, ਪਰ ਅਸੀਂ ਕਦੋਂ ਸਮਝਾਂਗੇ? ਕਦੋਂ ਤੱਕ ਆਪਣੇ ਬੱਚਿਆਂ ਦਾ ਬਚਪਨ ਖੋਹ ਕੇ ਉਨ੍ਹਾਂ ਨੂੰ ਆਪਣੇ ਸਟੇਟਸ ਸਿੰਬਲ ਵੱਜੋਂ ਵਰਤਦੇ ਰਹਾਂਗੇ? ਆਪਣੇ ਬੱਚਿਆਂ ਨੂੰ ਆਜ਼ਾਦ ਜੀਵਨ ਜਿਊਣ ਦਾ ਮੌਕਾ ਦਿਓ।