ਤਾਇਪੇ, 19 ਸਤੰਬਰ

ਚੀਨੀ ਫ਼ੌਜ ਨੇ ਪਿਛਲੇ 24 ਘੰਟਿਆਂ ਦੌਰਾਨ ਤਾਇਵਾਨ ਵੱਲ 103 ਜੰਗੀ ਜਹਾਜ਼ ਭੇਜੇ ਜਿਸ ਨਾਲ ਉਨ੍ਹਾਂ ਦੇ ਸਾਹ ਸੂਤੇ ਗਏ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ ਐਤਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸਵੇਰੇ ਛੇ ਵਜੇ ਤੱਕ ਉੱਡਦੇ ਦੇਖੇ ਗਏ। ਉਂਜ ਇਹ ਜਹਾਜ਼ ਤਾਇਵਾਨ ਪੁੱਜਣ ਤੋਂ ਪਹਿਲਾਂ ਹੀ ਵਾਪਸ ਮੁੜ ਗਏ। ਇਸ ਤੋਂ ਪਹਿਲਾਂ ਬਹੁਤ ਹੀ ਥੋੜੇ ਚੀਨੀ ਜੰਗੀ ਜਹਾਜ਼ ਤਾਇਵਾਨ ਵਾਲੇ ਪਾਸੇ ਉੱਡਦੇ ਸਨ ਪਰ ਐਤਵਾਰ ਨੂੰ ਪਿਛਲੇ ਕੁਝ ਦਿਨਾਂ ਨਾਲੋਂ ਇਹ ਗਿਣਤੀ ਕਿਤੇ ਵੱਧ ਸੀ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 40 ਜਹਾਜ਼ ਚੀਨ ਅਤੇ ਟਾਪੂ ਦੇ ਵਿਚਕਾਰਲੀ ਰੇਖਾ ਨੂੰ ਪਾਰ ਕਰ ਗਏ ਸਨ। ਇਨ੍ਹਾਂ ’ਚ 30 ਤੋਂ ਜ਼ਿਆਦਾ ਲੜਾਕੂ ਜੈੱਟ ਸ਼ਾਮਲ ਸਨ। ਤਾਇਵਾਨ ਨੇ ਇਹ ਵੀ ਦਾਅਵਾ ਕੀਤਾ ਕਿ ਚੀਨ ਦੇ 9 ਜੰਗੀ ਬੇੜੇ ਵੀ ਪਾਣੀਆਂ ’ਚ ਦੇਖੇ ਗਏ। ਮੰਤਰਾਲੇ ਨੇ ਚੀਨ ਦੀ ਇਸ ਕਾਰਵਾਈ ਨੂੰ ਪ੍ਰੇਸ਼ਾਨ ਕਰਨ ਵਾਲੀ ਕਰਾਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ। ਅਮਰੀਕਾ ਨਾਲ ਤਣਾਅ ਵਧਣ ਮਗਰੋਂ ਤਾਇਵਾਨ ਨੂੰ ਆਪਣੇ ਖ਼ਿੱਤੇ ਦਾ ਹਿੱਸਾ ਮੰਨਣ ਵਾਲੇ ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਹਵਾ ਅਤੇ ਸਮੁੰਦਰੀ ਪਾਣੀਆਂ ’ਚ ਫ਼ੌਜੀ ਮਸ਼ਕਾਂ ਵਧਾ ਦਿੱਤੀਆਂ ਹਨ। ਅਮਰੀਕਾ ਨੇ ਤਾਇਵਾਨ ਨੂੰ ਹਥਿਆਰ ਅਤੇ ਸ਼ਹਿ ਦਿੱਤੀ ਹੋਈ ਹੈ ਅਤੇ ਉਸ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਤਾਇਵਾਨ ’ਤੇ ਹਮਲੇ ਦੀ ਹਿਮਾਕਤ ਕੀਤੀ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਚੀਨੀ ਸਰਕਾਰ ਨੇ ਪਿਛਲੇ ਹਫ਼ਤੇ ਤਾਇਵਾਨ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਯੋਜਨਾ ਦਾ ਖ਼ੁਲਾਸਾ ਕੀਤਾ ਹੈ। ਉਹ ਅਗਲੇ ਸਾਲ ਜਨਵਰੀ ’ਚ ਤਾਇਵਾਨ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਸਕਦਾ ਹੈ।

ਸੱਤਾ ’ਤੇ ਕਾਬਜ਼ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਦਾ ਝੁਕਾਅ ਤਾਇਵਾਨ ਦੀ ਆਜ਼ਾਦੀ ਵੱਲ ਹੈ ਪਰ ਚੀਨੀ ਲੀਡਰਸ਼ਿਪ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਹੱਕ ’ਚ ਹੈ ਜੋ ਚੀਨ ਨਾਲ ਕੰਮ ਦੀ ਵਕਾਲਤ ਕਰ ਰਹੇ ਹਨ।