ਮੁੰਬਈ: ਵਿਸ਼ਾਲ ਭਾਰਦਵਾਜ ਦੀ ਨੈੱਟਫਲਿਕਸ ’ਤੇ ਆਉਣ ਵਾਲੀ ਜਾਸੂਸੀ ਥ੍ਰਿਲਰ ਫਿਲਮ ‘ਖੁਫ਼ੀਆ’ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ। ਨਿਰਦੇਸ਼ਕ ਨੇ ਕਿਹਾ ਕਿ ਇਸ ਫਿਲਮ ਨੇ ਉਸ ਨੂੰ ਤੱਬੂ ਨਾਲ ਮੁੜ ਜੁੜਨ ਅਤੇ ਦੋ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰਾਂ ਅਲੀ ਫਜ਼ਲ ਅਤੇ ਵਾਮਿਕਾ ਗੱਬੀ ਨਾਲ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਦਿੱਤਾ। ਭਾਰਦਵਾਜ ਨੇ ਕਿਹਾ, ‘ਮੈਂ ਜਾਸੂਸੀ ਦੀ ਦੁਨੀਆ ਤੋਂ ਹਮੇਸ਼ਾ ਬਹੁਤ ਪ੍ਰਭਾਵਿਤ ਰਿਹਾ ਹਾਂ ਅਤੇ ਖੁਫ਼ੀਆ ਨਾਲ ਇਸ ਦੀ ਸ਼ੈਲੀ ਦਾ ਪਤਾ ਲਾਉਣ ਲਈ ਸੱਚਮੁਚ ਉਤਸ਼ਾਹਿਤ ਹਾਂ। ਇਸ ਫਿਲਮ ਨੇ ਮੈਨੂੰ ਤੱਬੂ ਨਾਲ ਮੁੜ ਜੁੜਨ ਦਾ ਮੌਕਾ ਦਿੱਤਾ।’ ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਆਸ਼ੀਸ਼ ਵਿਦਿਆਰਥੀ ਅਤੇ ਅਜ਼ਮੇਰੀ ਹੱਕ ਬਧੋਂ ਵੀ ਹਨ। ਫਿਲਮ ‘ਖੁਫੀਆ’ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਹ ਫਿਲਮ ‘ਰਾਅ’ ਦੇ ਜਾਸੂਸੀ ਵਿਭਾਗ ਦੇ ਸਾਬਕਾ ਮੁਖੀ ਅਮਰ ਭੂਸ਼ਣ ਵੱਲੋਂ ਲਿਖੇ ਨਾਵਲ ‘ਐਸਕੇਪ ਟੂ ਨੋਵੇਅਰ’ ’ਤੇ ਆਧਾਰਿਤ ਹੈ। ਐਕਸ਼ਨ ਤੇ ਰੁਮਾਂਚ ਨਾਲ ਭਰਪੂਰ ਇਸ ਫਿਲਮ ਵਿੱਚ ਤੱਬੂ ਹਰ ਔਕੜ ਨੂੰ ਪਾਰ ਕਰਦੀ ਹੋਈ ਆਪਣੇ ਮਿਸ਼ਨ ਵੱਲ ਵਧਦੀ ਦਿਖਾਈ ਦੇਵੇਗੀ। ਤੱਬੂ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਆਪਣੇ ਪਸੰਦੀਦਾ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨਾਲ ਕੰਮ ਕਰਕੇ ਖੁਸ਼ ਹੈ ਕਿਉਂਕਿ ਉਹ ਤੀਜੀ ਵਾਰ ਇਕੱਠੇ ਹੋਏ ਹਨ।