ਓਟਵਾ, 24 ਅਪਰੈਲ: ਪੂਰਬੀ ਅਫਰੀਕੀ ਮੁਲਕ ਸੁਡਾਨ ਤੋਂ ਕੈਨੇਡਾ ਨੇ ਐਤਵਾਰ ਨੂੰ ਆਪਣੀਆਂ ਕਾਊਂਸਲਰ ਸੇਵਾਵਾਂ ਸਸਪੈਂਡ ਕਰ ਦਿੱਤੀਆਂ। ਸੁਡਾਨ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਣ ਕਾਰਨ ਇਹ ਫੈਸਲਾ ਫੈਡਰਲ ਸਰਕਾਰ ਵੱਲੋਂ ਲਿਆ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡੀਅਨ ਡਿਪਲੋਮੈਟਸ ਹਾਲ ਦੀ ਘੜੀ ਸੁਡਾਨ ਤੋਂ ਬਾਹਰੋਂ ਕਿਸੇ ਸੁਰੱਖਿਅਤ ਥਾਂ ਤੋਂ ਆਰਜ਼ੀ ਤੌਰ ਉੱਤੇ ਕੰਮ ਕਰਨਗੇ। ਇਸ ਦੇ ਨਾਲ ਹੀ ਸੁਡਾਨ ਵਿੱਚ ਨਾਗਰਿਕਾਂ ਦੀ ਮਦਦ ਕੈਨੇਡਾ ਵੱਲੋਂ ਜਾਰੀ ਰੱਖੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਡਾਨ ਵਿੱਚ ਚੱਲ ਰਹੇ ਇਸ ਖੂਨੀ ਸੰਘਰਸ਼ ਦੌਰਾਨ 264 ਸਿਵਲੀਅਨਜ਼ ਸਮੇਤ 420 ਤੋਂ ਵੀ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ 3700 ਤੋਂ ਵੀ ਵੱਧ ਜ਼ਖ਼ਮੀ ਹੋ ਚੁੱਕੇ ਹਨ। ਇਹ ਸੰਘਰਸ਼ ਸੁਡਾਨੀ ਹਥਿਆਰਬੰਦ ਸੈਨਾਵਾਂ ਤੇ ਸ਼ਕਤੀਸ਼ਾਲੀ ਪੈਰਾਮਿਲਟਰੀ ਗਰੁੱਪ, ਜਿਸ ਨੂੰ ਰੈਪਿਡ ਸਪੋਰਟ ਫੋਰਸਿਜ਼(ਆਰਐਸਐਫ) ਵਜੋਂ ਵੀ ਜਾਣਿਆ ਜਾਂਦਾ ਹੈ, ਦਰਮਿਆਨ ਚੱਲ ਰਿਹਾ ਹੈ।
ਸੱਤਾ ਦੀ ਵੰਡ ਨੂੰ ਲੈ ਕੇ ਸੁ਼ਰੂ ਹੋਏ ਝਗੜੇ ਕਾਰਨ ਨੌਂ ਦਿਨਾਂ ਦੇ ਅੰਦਰ ਐਨੇ ਲੋਕ ਮਾਰੇ ਜਾ ਚੁੱਕੇ ਹਨ। ਸ਼ਨਿੱਚਰਵਾਰ ਨੂੰ ਹਾਸਲ ਹੋਈ ਜਾਣਕਾਰੀ ਅਨੁਸਾਰ 1596 ਕੈਨੇਡੀਅਨ ਨਾਗਰਿਕ ਸੰਘਰਸ਼ ਛਿੜਣ ਤੱਕ ਸੁਡਾਨ ਵਿੱਚ ਰਜਿਸਟਰਡ ਸਨ। ਪਰ ਸੁਡਾਨ ਵਿੱਚ ਕੈਨੇਡਾ ਦੇ ਸਾਬਕਾ ਸਫੀਰ ਰਹਿ ਚੁੱਕੇ ਨਿਕੋਲਸ ਕੌਗਲੈਨ ਅਨੁਸਾਰ ਇਹ ਗਿਣਤੀ ਕਿਤੇ ਜਿ਼ਆਦਾ ਹੋ ਸਕਦੀ ਹੈ ਕਿਉਂਕਿ ਕਈ ਲੋਕਾਂ ਕੋਲ ਕੈਨੇਡਾ ਤੇ ਸੁਡਾਨ ਦੀ ਦੋਹਰੀ ਨਾਗਰਿਕਤਾ ਹੈ।ਜਿ਼ਕਰਯੋਗ ਹੈ ਕਿ ਕੈਨੇਡਾ ਵੱਲੋਂ ਅਜੇ ਕਿੰਨੇ ਕੈਨੇਡੀਅਨ ਨਾਗਰਿਕਾਂ ਨੂੰ ਉੱਥੋਂ ਕੱਢਿਆ ਵੀ ਜਾ ਚੁੱਕਿਆ ਹੈ।