ਵੈਨਕੂਵਰ, 8 ਸਤੰਬਰ

ਕੈਨੇਡਾ ਦੇ ਸੂਬੇ ਓਂਟਾਰੀਓ ਦੀ ਸਰਕਾਰ ਵਿਚ ਕੀਤੇ ਗਏ ਫੇਰਬਦਲ ਵਿੱਚ ਪੰਜਾਬੀ ਫਾਇਦੇ ਵਿਚ ਰਹੇ ਹਨ ਅਤੇ ਹੁਣ ਤਿੰਨ ਪੰਜਾਬੀ ਮੰਤਰੀਆਂ ਕੋਲ ਵੱਡੇ ਵਿਭਾਗ ਹੋਣਗੇ। ਖਜ਼ਾਨਾ ਬੋਰਡ ਦੇ ਚੇਅਰਮੈਨ ਰਹੇ ਪ੍ਰਭਮੀਤ ਸਿੰਘ ਸਰਕਾਰੀਆ ਦੇ ਹੱਥ ਸੂਬੇ ਦੇ ਟਰਾਂਸਪੋਰਟ ਵਿਭਾਗ ਦੀ ਵਾਗਡੋਰ ਦਿੱਤੀ ਗਈ ਹੈ। ਉਨ੍ਹਾਂ ਦਾ ਦਸਤਾਰਧਾਰੀ ਹੋਣਾ ਸਿੱਖ ਭਾਈਚਾਰੇ ਲਈ ਫਖਰ ਵਾਲੀ ਗੱਲ ਵੀ ਹੈ। ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਸੌਂਪੇ ਗਏ ਹਨ। ਬੀਬੀ ਨੀਨਾ ਤਾਂਗੜੀ ਨੂੰ ਛੋਟੇ ਵਪਾਰ ਤੇ ਰੁਜ਼ਗਾਰ ਮੌਕੇ ਸਿਰਜਣ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ। ਗਰੀਨ ਬੈਲਟ ਨੂੰ ਗੈਰ-ਸੰਵਿਧਾਨਕ ਢੰਗ ਨਾਲ ਰਿਹਾਇਸ਼ੀ ਖੇਤਰ ਵਿਚ ਤਬਦੀਲ ਕਰਨ ਕਰਕੇ ਮੰਤਰੀ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਮੰਤਰੀ ਮੰਡਲ ’ਚ ਫੇਰਬਦਲ ਕਰਨਾ ਮੁੱਖ ਮੰਤਰੀ ਲਈ ਜ਼ਰੂਰੀ ਹੋ ਗਿਆ ਸੀ।