ਦੁੁਬਈ, 14 ਸਤੰਬਰ

ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਵੱਲੋਂ ਅੱਜ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਿਆ ਹੈ। ਗਿੱਲ ਦੇ ਕਰੀਅਰ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਇਸ ਤਰ੍ਹਾਂ ਉਹ ਚੋਟੀ ਦੇ ਦਸ ਵਿੱਚ ਸ਼ਾਮਲ ਤਿੰਨ ਭਾਰਤੀ ਖਿਡਾਰੀਆਂ ਵਿੱਚ ਸਭ ਤੋਂ ਉੱਚੀ ਦਰਜਾਬੰਦੀ ’ਤੇ ਕਾਬਜ਼ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅੱਠਵੇਂ ਅਤੇ ਵਿਰਾਟ ਕੋਹਲੀ ਨੌਵੇਂ ਸਥਾਨ ’ਤੇ ਹਨ। ਜਨਵਰੀ 2019 ਮਗਰੋਂ ਪਹਿਲੀ ਵਾਰ ਤਿੰਨ ਭਾਰਤੀ ਬੱਲੇਬਾਜ਼ ਇੱਕ ਰੋਜ਼ਾ ਦਰਜਾਬੰਦੀ ਵਿੱਚ ਚੋਟੀ ਦੇ ਦਸ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਚਾਰ ਸਾਲ ਪਹਿਲਾਂ ਰੋਹਿਤ, ਕੋਹਲੀ ਤੇ ਸ਼ਿਖਰ ਧਵਨ ਚੋਟੀ ਦੇ ਦਸ ਵਿੱਚ ਕਾਬਜ਼ ਤਿੰਨ ਭਾਰਤੀ ਬੱਲੇਬਾਜ਼ ਸਨ। ਸ਼ੁਭਮਨ ਨੇ ਏਸ਼ੀਆ ਕੱਪ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਕਪਤਾਨ ਰੋਹਿਤ ਨਾਲ ਮਿਲ ਕੇ ਪਹਿਲੀ ਵਿਕਟ ਲਈ 121 ਦੌੜਾਂ ਬਣਾਈਆਂ ਸਨ ਅਤੇ 58 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੂੰ ਦਰਜਾਬੰਦੀ ਵਿੱਚ ਇੱਕ ਸਥਾਨ, ਜਦਕਿ ਰੋਹਿਤ ਤੇ ਵਿਰਾਟ ਨੂੰ ਦੋ-ਦੋ ਸਥਾਨਾਂ ਦਾ ਫ਼ਾਇਦਾ ਮਿਲਿਆ ਹੈ। ਉਧਰ, ਪਾਕਿਸਤਾਨ ਦੇ ਵੀ ਤਿੰਨ ਬੱਲੇਬਾਜ਼ ਚੋਟੀ ਦੇ ਦਸ ਵਿੱਚ ਸ਼ਾਮਲ ਹਨ। ਕਪਤਾਨ ਬਾਬਰ ਆਜ਼ਮ ਪਹਿਲੇ ਸਥਾਨ ’ਤੇ ਕਾਬਜ਼ ਹੈ ਅਤੇ ਉਸ ਨੇ ਗਿੱਲ ’ਤੇ 100 ਤੋਂ ਵੱਧ ਦਰਜਾਬੰਦੀ ਅੰਕਾਂ ਦੀ ਲੀਡ ਬਣਾਈ ਹੋਈ ਹੈ ਜਦਕਿ ਇਮਾਮ-ਉੱਲ-ਹੱਕ ਅਤੇ ਫਖ਼ਰ ਜ਼ਮਾਨ ਕ੍ਰਮਵਾਰ ਪੰਜਵੇਂ ਤੇ ਦਸਵੇਂ ਸਥਾਨ ’ਤੇ ਬਰਕਰਾਰ ਹਨ। ਨਿਊਜ਼ੀਲੈਂਡ ਦਾ ਟ੍ਰੈਂਟ ਬੋਲਟ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੂਸਰੇ ਸਥਾਨ ’ਤੇ ਕਾਬਜ਼ ਹੈ, ਜਦਕਿ ਆਸਟਰੇਲਿਆਈ ਲੈੱਗ ਸਪਿੰਨਰ ਐਡਮ ਜੰਪਾ ਪਹਿਲੀ ਵਾਰ ਚੋਟੀ ਦੇ ਪੰਜ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ ਹੈ।