ਓਟਵਾ, 8 ਮਈ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਲੈਕਟੋਰਲ ਸੁਧਾਰਾਂ ਵੱਲ ਬਹੁਤਾ ਧਿਆਨ ਕੇਂਦਰਿਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹਾਲਾਂਕਿ ਪਾਰਟੀ ਮੈਂਬਰਸਿ਼ਪ ਵੱਲੋਂ ਇਸ ਮੁੱਦੇ ਦੀ ਜਾਂਚ ਨੈਸ਼ਨਲ ਕਾਊਂਸਲ ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਵੀਕੈਂਡ ਗ੍ਰਾਸਰੂਟ ਲਿਬਰਲਾਂ ਵੱਲੋਂ ਇਸ ਮਤੇ ਦੇ ਪੱਖ ਵਿੱਚ ਵੋਟ ਕੀਤੀ ਗਈ ਜਿਸ ਵਿੱਚ ਇਲੈਕਟੋਰਲ ਸੁਧਾਰਾਂ ਦੇ ਮੁੱਦੇ ਉੱਤੇ ਨੈਸ਼ਨਲ ਸਿਟੀਜ਼ਨਜ਼ ਅਸੈਂਬਲੀ ਤਿਆਰ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ। ਪ੍ਰਸਤਾਵ ਵਿੱਚ ਪਾਇਆ ਗਿਆ ਕਿ ਇਹ ਵਿਚਾਰ 2014 ਤੋਂ ਪਾਰਟੀ ਬੁੱਕਸ ਵਿੱਚ ਹੈ ਤੇ ਟਰੂਡੋ ਨੇ 2015 ਦੀਆਂ ਚੋਣਾਂ ਵੀ ਫਰਸਟ-ਪਾਸਟ-ਦ-ਪੋਸਟ ਇਲੈਕਟੋਰਲ ਸਿਸਟਮ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਹੀ ਜਿੱਤੀਆਂ ਸਨ।
ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਸਮੇਂ ਉਨ੍ਹਾਂ ਦਾ ਧਿਆਨ ਬਹੁਤਾ ਕਰਕੇ ਅਰਥਚਾਰੇ ਉੱਤੇ ਕੇਂਦਰਿਤ ਹੈ। ਉਨਾਂ ਆਖਿਆ ਕਿ ਉਹ ਇਲੈਕਟੋਰਲ ਸੁਧਾਰਾਂ ਵੱਲ ਜ਼ਰੂਰ ਅੱਗੇ ਵਧਣਾ ਚਾਹੁਣਗੇ ਬਸ਼ਰਤੇ ਕਿਸੇ ਹੋਰ ਮਾਡਲ ਬਾਰੇ ਆਮ ਰਾਇ ਬਣੇ।