ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ ਕਿ ‘ਪੁਸ਼ਪਾ: ਦਿ ਰਾਈਜ਼’ ਵਿੱਚ ਅੱਲੂ ਅਰਜੁਨ ਨੇ ਸ਼ਾਨਦਾਰ ਅਦਾਕਾਰੀ ਕੀਤੀ ਅਤੇ ਨੈਸ਼ਨਲ ਫਿਲਮ ਐਵਾਰਡਜ਼ ਦੀ ਜਿਊਰੀ ਨੇ ਦੱਖਣ ਦੇ ਸਟਾਰ ਨੂੰ ਸਰਬੋਤਮ ਅਦਾਕਾਰ ਦਾ ਪੁਰਸਕਾਰ ਦੇ ਕੇ ਵਧੀਆ ਫੈਸਲਾ ਲਿਆ ਹੈ। ਪਿਛਲੇ ਮਹੀਨੇ 69ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਵਿੱਕੀ ਕੌਸ਼ਲ ਦੀ ਫਿਲਮ ‘ਸਰਦਾਰ ਊਧਮ’ ਨੂੰ ਪੰਜ ਐਵਾਰਡ ਮਿਲੇ ਸਨ। ਭਾਵੇਂ ਇਸ ਵਾਰ ਉਹ ਸਰਬੋਤਮ ਅਦਾਕਾਰ ਦਾ ਐਵਾਰਡ ਹਾਸਲ ਕਰਨ ਤੋਂ ਖੁੰਝ ਗਿਆ ਪਰ ਉਸ ਨੂੰ ਇਸ ਤੋਂ ਪਹਿਲਾਂ 2019 ਵਿੱਚ ਆਈ ਫਿਲਮ ‘ਉੜੀ: ਦਿ ਸਰਜੀਕਲ ਸਟ੍ਰਾਈਕ’ ਲਈ ਨੈਸ਼ਨਲ ਫਿਲਮ ਐਵਾਰਡ ਮਿਲ ਚੁੱਕਾ ਹੈ। ਇਹ ਪੁੱਛੇ ਜਾਣ ’ਤੇ ਕੀ ਕਿ ਉਹ ‘ਸਰਦਾਰ ਊਧਮ’ ਲਈ ਸਰਬੋਤਮ ਅਦਾਕਾਰ ਦਾ ਐਵਾਰਡ ਜਿੱਤਣਾ ਚਾਹੁੰਦਾ ਸੀ ਤਾਂ ਵਿੱਕੀ ਨੇ ਕਿਹਾ ਸਰਕਾਰ ਨਾਲ ਕੰਮ ਕਰਨਾ ਆਪਣੇ ਆਪ ਵਿੱਚ ਹੀ ਇੱਕ ਪ੍ਰਾਪਤੀ ਹੈ। ਉਸ ਨੇ ਕਿਹਾ, ‘ਸਰਦਾਰ ਊਧਮ’ ਕਈ ਕਾਰਨਾਂ ਕਰਕੇ ਖਾਸ ਫ਼ਿਲਮ ਹੈ। ਮੇਰਾ ਮੰਨਣਾ ਹੈ ਕਿ ਫ਼ਿਲਮ ਬਣਨ ਮਗਰੋਂ ਉਸ ਨੂੰ ਜੋ ਵੀ ਹੁੰਗਾਰਾ ਮਿਲੇ, ਤੁਹਾਨੂੰ ਸਵੀਕਾਰ ਕਰਨਾ ਪੈਂਦਾ ਹੈ। ਜਿਊਰੀ ਨੇ ਬਹੁਤ ਵਧੀਆ ਫ਼ੈਸਲਾ ਲਿਆ ਅਤੇ ਅੱਲੂ ਅਰਜੁਨ ਦਾ ਪ੍ਰਦਰਸ਼ਨ ਵੀ ਕਾਫੀ ਸ਼ਾਨਦਾਰ ਸੀ।’’ ਉਸ ਨੇ ਕਿਹਾ, ‘‘ਪੰਜਾਬੀ ਹੋਣ ਦੇ ਨਾਤੇ ਮੇਰੇ ਲਈ ਸਰਦਾਰ ਊਧਮ ਦਾ ਕਿਰਦਾਰ ਨਿਭਾਉਣਾ ਬਹੁਤ ਵੱਡੀ ਗੱਲ ਸੀ ਕਿਉਂਕਿ ਇਹ ਕਹਾਣੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਅਤੇ ਇਹ ਬਹੁਤ ਨਿੱਜੀ ਹੈ। ਮੈਂ ਹਮੇਸ਼ਾ ਸੋਚਦਾ ਸੀ ਕਿ ਇਹ ਕਹਾਣੀ ਲੋਕਾਂ ਨੂੰ ਵੱਡੇ ਪੱਧਰ ’ਤੇ ਕਿਉਂ ਨਹੀਂ ਦੱਸੀ ਜਾਂਦੀ।’’