ਚੰਡੀਗੜ੍ਹ, 26 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਿਰਸੇ ’ਚ ਮਿਲੇ ਖਾਲੀ ਖ਼ਜ਼ਾਨੇ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਸਿਹਤ ਸੰਭਾਲ ਤੇ ਸਿੱਖਿਆ ਜਿਹੇ ਅਹਿਮ ਖੇਤਰਾਂ ’ਚ ਬੁਨਿਆਦੀ ਢਾਂਚੇ ਸੁਧਾਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਸੱਤ ਦਹਾਕਿਆਂ ਮਗਰੋਂ ਵੀ ਰਾਜ ਵਿਚਲੇ 24 ਹਜ਼ਾਰ ਪ੍ਰਾਇਮਰੀ ਸਕੂਲ ਬੈਂਚਾਂ ਤੇ ਪਖਾਨਿਆਂ ਜਿਹੀਆਂ ਬੁਨਿਆਦੀ ਲੋੜਾਂ ਤੋਂ ਵਿਹੂਣੇ ਹਨ। ਜਨਤਕ ਸਿਹਤ ਕੇਂਦਰਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਕੇਂਦਰਾਂ ਦਾ ਨਾਂ ਬਦਲ ਕੇ ਪ੍ਰਾਇਮਰੀ ਸਿਹਤ ਸੰਭਾਲ ਕੇਂਦਰ ਰੱਖਣਾ ਚਾਹੁੰਦੀ ਹੈ ਤਾਂ ਕਿ ਬੱਚਿਆਂ ’ਚ ਰੋਗਾਂ ਦੀ ਮੁੱਢਲੇ ਪੜਾਅ ’ਤੇ ਹੀ ਪਛਾਣ ਹੋ ਸਕੇ। ਮੁੱਖ ਮੰਤਰੀ ਇਥੇ ਟ੍ਰਿਬਿਊਨ ਕੌਫ਼ੀ ਟੇਬਲ ਬੁੱਕ ‘ਡੌਇਨਜ਼ ਆਫ਼ ਹੈਲਥਕੇਅਰ’ ਦੀ ਰਿਲੀਜ਼ ਮੌਕੇ ਸਿਹਤ ਸੰਭਾਲ ਨਾਲ ਸਬੰਧਤ ਨਾਮਵਰ ਹਸਤੀਆਂ ਦੇ ਚੋਣਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ’ਚ ਟ੍ਰਿਬਿਊਨ ਦੇ ਮੁਖ ਸੰਪਾਦਕ ਹਰੀਸ਼ ਖਰੇ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਹ ਯਤਨ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਅਤੇ ਸਿੱਖਿਆ ਦਾ ਮਿਆਰ ਕੇਰਲਾ ਅਤੇ ਤਾਮਿਲਨਾਡੂ ਜਿਹੇ ਰਾਜਾਂ ਤੋਂ ਕਿਤੇ ਬਿਹਤਰ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵਿਰਸੇ ’ਚ ਮਿਲੇ ਮਾੜੇ ਵਿੱਤੀ ਹਾਲਾਤ ਤੋਂ ਜਲਦੀ ਹੀ ਉੱਭਰ ਆਏਗੀ। ਅਮਰਿੰਦਰ ਨੇ ਕਿਹਾ ਕਿ ਸਰਕਾਰ ਪਟਿਆਲਾ ਤੇ ਅੰਮ੍ਰਿਤਸਰ ਦੇ ਮੌਜੂਦਾ ਮੈਡੀਕਲ ਕਾਲਜਾਂ ਵਿੱਚ ਨਿਵੇਸ਼ ਦੇ ਨਾਲ ਮੁਹਾਲੀ ਵਿੱਚ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ ਲਈ ਨਵਾਂ ਮੈਡੀਕਲ ਕਾਲਜ ਸਥਾਪਤ ਕਰੇਗੀ। ਮਾਲਵਾ ਖੇਤਰ ਵਿੱਚ ਮੈਡੀਕਲ ਕਾਲਜ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ ਸਰਕਾਰ ਵੱਲੋਂ ਤੌਰ ਤਰੀਕਿਆਂ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਿਹਤ ਸੰਭਾਲ ਨਾਲ ਜੁੜੀਆਂ ਉੱਘੀਆਂ ਹਸਤੀਆਂ ਦਾ ਐਵਾਰਡਾਂ ਨਾਲ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾਂ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਰੀਸ਼ ਖ਼ਰੇ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਮਰਿੰਦਰ ਤੋਂ ਵਾਜਬ ਆਸਾਂ ਉਮੀਦਾਂ ਹਨ ਅਤੇ ਅਜਿਹੀ ਆਸ ਹੈ ਕਿ ਜਲਦੀ ਹੀ ਚੀਜ਼ਾਂ ਸੁਧਰ ਜਾਣਗੀਆਂ। ਉਨ੍ਹਾਂ ਕਿਹਾ ਕਿ ਰਿਪੋਰਟਿੰਗ ਦੌਰਾਨ ਆਮ ਕਰਕੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੰਮਾਂ ਦੀ ਆਲੋਚਨਾ ਇਸ ਆਸ ਨਾਲ ਕੀਤੀ ਜਾਂਦੀ ਹੈ ਕਿ ਅਜਿਹਾ ਵਿਅਕਤੀ ਜਿਸ ਨੂੰ ਜਨਤਕ ਜ਼ਿੰਮੇਵਾਰੀ ਤੇ ਨਿੱਜੀ ਦਿਆਨਤਦਾਰੀ ਦਾ ਬੋਧ ਹੋਵੇ, ਇਸ ਪਾਸੇ ਧਿਆਨ ਧਰੇ। ਸਮਾਗਮ ਵਿੱਚ ਦਿ ਟ੍ਰਿਬਿਊਨ ਦੇ ਜਨਰਲ ਮੈਨੇਜਰ ਵਿਨੇ ਵਰਮਾ, ਸੰਪਾਦਕੀ ਮੰਡਲ ਦੇ ਸੀਨੀਅਰ ਮੈਂਬਰ ਤੇ ਅਦਾਰੇ ਦੀਆਂ ਮਾਰਕੀਟਿੰਗ ਟੀਮਾਂ ਮੌਜੂਦ ਸਨ।