ਨਵੀਂ ਦਿੱਲੀ, ਰੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰੋਡੁਨੋਵਾ ਦੀ ਪਛਾਣ ਬਣੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ ਹੁਣ ‘ਵੋਲਟ ਆਫ਼ ਡੈੱਥ’ ਤੋਂ ਅੱਗੇ ‘ਹੈਂਡਸਪਰਿੰਗ 540’ ਜ਼ਰੀਏ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜਿੱਤਣਾ ਚਾਹੁੰਦੀ ਹੈ। ਰੀਓ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹੀ ਤ੍ਰਿਪੁਰਾ ਦੀ ਜਿਮਨਾਸਟ ਦੀਪਾ ਸੱਜੇ ਗੋਡੇ ਵਿੱਚ ਸੱਟ ਲੱਗਣ ਕਰਕੇ ਹੁਣ ਤਕ ਮੁਕਾਬਲਿਆਂ ਵਿੱਚ ਹਾਜ਼ਰੀ ਭਰਨ ’ਚ ਨਾਕਾਮ ਰਹੀ ਹੈ। ਅਪਰੈਲ ਮਹੀਨੇ ਹੋਏ ਗੋਡੇ ਦੇ ਅਪਰੇਸ਼ਨ ਮਗਰੋਂ ਉਹ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਵੀ ਬਾਹਰ ਰਹੀ। ਕੈਨੇਡਾ ਵਿੱਚ ਅਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਉਸ ਦੇ ਗੈਰਹਾਜ਼ਰ ਰਹਿਣ ਦੀ ਸੰਭਾਵਨਾ ਹੈ। ਅਾਸਟਰੇਲੀਆ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਉਹ ਟਰੈਕ ਵਿੱਚ ਵਾਪਸੀ ਕਰੇਗੀ।
ਬੀਤੇ ਦਿਨ ਆਪਣਾ 24ਵਾਂ ਜਨਮਦਿਨ ਮਨਾਉਣ ਵਾਲੀ ਦੀਪਾ ਨੇ ਕਿਹਾ ਕਿ ਉਹ ਕਈ ਨਵੀਅਾਂ ਤਕਨੀਕਾਂ ਸਿੱਖ ਰਹੀ ਹੈ। ‘ਰਬਡ਼ ਦੀ ਗੁੱਡੀ’ ਦੇ ਨਾਂ ਨਾਲ ਮਕਬੂਲ ਦੀਪਾ ਨੇ ਕਿਹਾ,‘ਮੈਂ ਹੈਂਡਸਪਰਿੰਗ 540 ਡਿਗਰੀ ਟਰਨ ਸਿੱਖ ਰਹੀ ਹਾਂ, ਜਿਸ ਦੀ ਵਰਤੋਂ ਰਾਸ਼ਟਰਮੰਡਲ ਖੇਡਾਂ ’ਚ ਕਰਾਂਗੀ। ਇਹ ਹਵਾ ’ਚ ਘੁੰਮਣ ਦੀ ਤਕਨੀਕ ਹੈ। ਇਹ ਸਭ ਤੋਂ ਮੁਸ਼ਕਲ ਵੋਲਟ ਹੈ, ਪਰ ਪ੍ਰੋਡੁਨੋਵਾ ਤੋਂ ਵੱਧ ਔਖਾ ਨਹੀਂ।’ ਇਸ ਤਬਦੀਲੀ ਦੀ ਵਜ੍ਹਾ ਪੁੱਛਣ ’ਤੇ ਪ੍ਰੋਡੁਨੋਵਾ ਗਰਲ ਨੇ ਕਿਹਾ,‘ਮੈਨੂੰ ਹਾਲ ਹੀ ਵਿੱਚ ਗੋਡੇ ਦੀ ਸੱਟ ਲੱਗੀ ਹੈ ਤੇ ਮੈਂ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਲੈਣਾ ਚਾਹੁੰਦੀ। ਮੇਰਾ ਨਿਸ਼ਾਨਾ 2020 ਟੋਕੀਓ ਓਲੰਪਿਕ ਹੈ। ਜੇਕਰ ਮੈਂ ਹੈਂਡਸਪਰਿੰਗ 540 ਬਾਖੂਬੀ ਕਰ ਸਕੀ ਤਾਂ ਰਾਸ਼ਟਰਮੰਡਲ ਖੇਡਾਂ ’ਚ ਤਗ਼ਮਾ ਜਿੱਤ ਸਕਦੀ ਹਾਂ।’ ਦੀਪਾ ਵਿਸ਼ਵ ਦੇ ਉਨ੍ਹਾਂ ਪੰਜ ਜਿਮਨਾਸਟਜ਼ ਵਿੱਚ ਸ਼ੁਮਾਰ ਹੈ, ਜੋ ਪ੍ਰੋਡੁਨੋਵਾ ਕਰਨ ’ਚ ਸਫ਼ਲ ਰਹੇ ਹਨ। ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਕਾਂਸੇ ਦਾ ਤਗ਼ਮਾ ਜੇਤੂ ਦੀਪਾ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਲੰਮਾ ਸਮਾਂ ਮੁਕਾਬਲਿਆਂ ਤੋਂ ਬਾਹਰ ਰਹਿਣਾ ਅਗਲੇ ਸਾਲ ਅਪਰੈਲ ਵਿੱਚ ਗੋਲਡ ਕੋਸਟ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚ ਉਸ ਦੀ ਤਗ਼ਮੇ ਦੀਆਂ ਆਸਾਂ ’ਤੇ ਅਸਰ ਅੰਦਾਜ਼ ਹੋਵੇਗਾ।
ਦੀਪਾ ਨੇ ਕਿਹਾ,‘ਅਜਿਹਾ ਕੋਈ ਮਸਲਾ ਨਹੀਂ, ਕਿਉਂਕਿ ਇਹ ਸਾਰੀ ਅਭਿਆਸ ਦੀ ਗੱਲ ਹੈ। ਵਿਸ਼ਵ ਚੈਂਪੀਅਨਸ਼ਿਪ ਮਗਰੋਂ ਮੈਨੂੰ ਮੁਕਾਬਲੇ ਦੇ ਪੱਧਰ ਦਾ ਪਤਾ ਲੱਗ ਜਾਏਗਾ। ਮੈਨੂੰ ਇਲਮ ਹੋ ਜਾਏਗਾ ਕਿ ਕਿਸ ਪਹਿਲੂ ’ਤੇ ਵਧੇਰੇ ਮਿਹਨਤ ਕਰਨੀ ਹੈ।’ ਦੀਪਾ ਦੇ ਕੋਚ ਬਿਸ਼ਵੇਸ਼ਵਰ ਨੰਦੀ ਨੇ ਜਿਮਨਾਸਟ ਨੂੰ ਨਵਾਂ ਵੋਲਟ ਸਿਖਾਉਣ ਦੀ ਲੋਡ਼ ਬਾਰੇ ਦੱਸਦਿਆਂ ਕਿਹਾ,‘ੳੁਸ ਨੂੰ ਦੋ ਵੋਲਟ ਆਉਂਦੇ ਹਨ ਤੇ ਹੁਣ ਮੈਂ ਉਸ ਨੂੰ ਤੀਜਾ ਸਿਖਾ ਰਿਹਾਂ। ਉਹ ਕਿਸੇ ਵੀ ਦੋ ਵੋਲਟਾਂ ਨੂੰ ਅਜ਼ਮਾ ਸਕਦੀ ਹੈ, ਪਰ ਉਹ ਕਿਹਡ਼ੇ ਹੋਣਗੇ, ਇਸ ਬਾਰੇ ਅਜੇ ਕੁਝ ਵੀ ਤੈਅ ਨਹੀਂ। ਉਸ ਨੇ ਅਜੇ ਮੁੱਢਲਾ ਅਭਿਆਸ ਸ਼ੁਰੂ ਕੀਤਾ ਹੈ ਤੇ ਦੋ ਮਹੀਨੇ ਮਗਰੋਂ ਪਰਫਾਰਮ ਕਰਨਾ ਸ਼ੁਰੂ ਕਰੇਗੀ।’