ਚੰਡੀਗੜ੍ਹ , ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਗਰਦਾਨੇ ਜਾਣ ਬਾਅਦ ਭੜਕੀ ਹਿੰਸਾ ਦੌਰਾਨ ਪੁਲੀਸ ਫਾਇਰਿੰਗ ਬਾਰੇ ਕਿੰਤੂ ਕਰਦੀ ਕੁੱਝ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਨੂੰ ਦਰਕਿਨਾਰ ਕਰਦਿਆਂ ਹਾਈਕੋਰਟ ਨੇ ਕਿਹਾ ਕਿ ਇਹ ਜੰਗ ਵਰਗੀ ਸਥਿਤੀ ਸੀ ਅਤੇ ਇੱਕ ਜੰਗ ਦੀ ਤਰ੍ਹਾਂ ਹੀ ਲੜਨ ਦੀ ਲੋੜ ਸੀ। ਕੁੱਝ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਕਿ ਭੀੜ ਨੂੰ ਖਿਡਾਉਣ ਲਈ ਸਿੱਧੀ ਗੋਲੀ ਚਲਾਉਣ ਦੀ ਥਾਂ ਪੈਲੇਟ ਗੰਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ, ਨੂੰ ਸੁਣਵਾਈ ਲਈ ਸਵੀਕਾਰ ਨਾ ਕਰਦਿਆਂ ਹਾਈਕੋਰਟ ਦਾ ਪੂਰਾ ਬੈਂਚ ਨੇ ਇੱਕਸੁਰ ਹੋਕੇ ਗਰਜਿਆ, ‘ ਤੁਸੀ ਚਾਹੁੰਦੇ ਹੋ ਕਿ ਪੁਲੀਸ ਨਰਮ ਰਹੇ। ਜੇ ਲੋਕ ਬਦਅਮਨੀ ਫੈਲਾਉਂਦੇ ਦੇਖੇ ਜਾਂਦੇ ਨੇ ਤਾਂ ਉਨ੍ਹਾਂ ਨੂੰ ਗੋਲੀ ਮਾਰੀ ਜਾ ਸਕਦੀ ਹੈ।’ ਕਾਰਜਕਾਰੀ ਚੀਫ ਜਸਟਿਸ ਐੱਸ ਐੱਸ ਸਾਰੋਂ ਦੀ ਅਗਵਾਈ ਵਾਲੇ ਫੁਲ ਬੈਂਚ ਜਿਸ ਵਿੱਚ ਜਸਟਿਸ ਸੂਰਿਆ ਕਾਂਤ, ਜਸਟਿਸ ਅਵਨੀਸ਼ ਝਿੰਗਨ ਸ਼ਾਮਲ ਸਨ, ਨੇ ਕਿਹਾ ਕਿ ਸਥਿਤੀ ਵਿੱਚ ਦੰਗਾਕਾਰੀਆਂ ਦਾ ਹੱਥ ਕਿਤੇ ਉਪਰ ਸੀ ਅਤੇ ਪੁਲੀਸ ਪੀੜਤ ਧਿਰ ਸੀ। ਬੈਂਚ ਨੇ ਕਿਹਾ,‘ ਦੰਗਿਆਂ ਦੀ ਸਥਿਤੀ ਵਿੱਚ ਸਖਤ ਹੋਣਾ ਪੈਂਦਾ ਹੈ। ਜਦੋਂ ਲੋਕ ਪੈਟਰੋਲ ਬੰਬਾਂ, ਲਾਠੀਆਂ ਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਆਉਣ ਤਾਂ ਇਸ ਨੂੰ ਸੰਗਠਿਤ ਅਪਰਾਧ ਮੰਨਿਆ ਜਾਂਦਾ ਹੈ। ਜੇ ਲੋਕ ਅੱਗਾਂ ਲਾਉਣ, ਦੰਗੇ ਭੜਕਾਉਣ ਅਤੇ ਭੰਨਤੋੜ ਕਰਦੇ ਹਨ ਤਾਂ ਫਿਰ ਸਖਤ ਹੋਣ ਦੀ ਲੋੜ ਹੈ। ਬੈਂਚ ਨੇ ਕਿਹਾ ਕਿ ਲੋਕਾਂ ਸਿਧਾਂ ਤੇ ਸਪਸ਼ਟ ਸੁਨੇਹਾ ਲੱਗਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਕੋਈ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਅਜਿਹੀ ਸਥਿਤੀ ਨੂੰ ਝੁਕ ਕੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਹੀ ਹਾਈਕੋਰਟ ਦੇ ਬੈਂਚ ਨੇ ਆਦੇਸ਼ ਦਿੱਤੇ ਹਨ ਕਿ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਦਰਜ ਕੀਤੀਆਂ ਐਫਆਈਆਰਜ਼ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮਾਂ ਦੀ ਅਗਵਾਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲੀਸ ਦੇ ਰੈਂਕ ਤੋਂ ਥੱਲੇ ਦੇ ਅਧਿਕਾਰੀ ਨਹੀਂ ਕਰਨਗੇ। ਹਾਈਕੋਰਟ ਵਿੱਚ ਇਹ ਰਿਪੋਰਟਾਂ ਪੇਸ਼ ਕੀਤੇ ਜਾਣ ਤੋਂ ਪਹਿਲਾਂ ਦੋਵਾਂ ਰਾਜਾਂ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਇਨ੍ਹਾਂ ਦੀ ਪੜਚੋਲ ਕਰਨਗੇ।
ਹਰਿਆਣਾ ਦੇ ਐਡਵੋਕੇਟ ਜਨਰਲ ਦੀ ਖਿਚਾਈ
ਹਾਈ ਕੋਰਟ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅਦਾਲਤ ਨੇ ਉਨ੍ਹਾਂ ਦੀ ਆਪਾ ਵਿਰੋਧੀ ਸਟੈਂਡ ਲੈਣ ਕਰਕੇ ਛਾੜਝੰਬ ਕਰ ਦਿੱਤੀ। ਉਨ੍ਹਾਂ ਅਦਾਲਤ ਵਿੱਚ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਇਸ ਲਈ ਇਕੱਠੇ ਹੋਣ ਦਿੱਤਾ ਤਾਂ ਜੋ ਡੇਰਾ ਮੁਖੀ ਪੰਚਕੂਲਾ ਆਉਣ ਲਈ ਖਿੱਚਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੂਜੇ ਪਾਸੇ ਇਹ ਕਹਿ ਦਿੱਤਾ ਕਿ ਦਫਾ 144 ਤਹਿਤ ਮਨਾਹੀ ਦੇ ਹੁਕਮਾਂ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕ ਇੱਕੱਠੇ ਹੋਣ ਉੱਤੇ ਪਾਬੰਦੀ ਨਾ ਲਾਉਣਾ ਇੱਕ ਗਲਤੀ ਸੀ। ਪੰਚਕੂਲਾ ਦੇ ਡੀਸੀਪੀ ਦੀ ਮੁਅੱਤਲੀ ਬਾਰੇ ਅਦਾਲਤ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਦਿੱਤੀ ਤਾਂ ਫਿਰ ਇਨ੍ਹਾਂ ਹੁਕਮਾਂ ਵਿੱਚ ਗਲਤੀ ਨਹੀਂ ਸੀ।
ਨਵੇਂ ਡੇਰਾ ਮੁਖੀ ਬਾਰੇ ਕਿਆਸਅਰਾਈਆਂ
ਡੇਰਾ ਮੁਖੀ ਨੂੰ 20 ਸਾਲਾਂ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਡੇਰਾ ਸਿਰਸਾ ਦੇ ਨਵੇਂ ਮੁਖੀ ਬਾਰੇ ਕਿਆਸੇ ਚੱਲ ਰਹੇ ਹਨ। ਚਰਚਾ ਹੈ ਕਿ ਨਵਾਂ ਗੱਦੀਨਸ਼ੀਨ ਡੇਰਾ ਮੁਖੀ ਦਾ ਪੁੱਤਰ ਜਸਮੀਤ ਸਿੰਘ ਬਣੇਗਾ ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮੂੰਹ-ਬੋਲੀ ਧੀ ਹਨੀਪ੍ਰੀਤ ਗੱਦੀ ਸੰਭਾਲੇਗੀ।
ਇਸ ਬਾਬਤ ਡੇਰਾ ਸਿਰਸਾ ਵੱਲੋਂ ਹਾਲੇ ਤੱਕ ਕੋਈ ਲਿਖਤੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਨਵੇਂ ਮੁਖੀ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨ ਚਰਚਾ ਸੀ ਕਿ ਡੇਰਾ ਮੁਖੀ ਦੇ ਪੁੱਤਰ ਜਸਮੀਤ ਸਿੰਘ ਨੂੰ ਡੇਰੇ ਦਾ ਨਵਾਂ ਮੁਖੀ ਐਲਾਨ ਦਿੱਤਾ ਗਿਆ ਹੈ, ਪਰ ਡੇਰੇ ਵੱਲੋਂ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।