ਬਠਿੰਡਾ, ਪੰਜਾਬ ਸਰਕਾਰ ਦੇ ਹਰਿਆਵਲ ਮਿਸ਼ਨ ਵਾਂਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਨੰਨ੍ਹੀ ਛਾਂ ਪ੍ਰਾਜੈਕਟ ਵੀ ਦਮ ਤੋੜ ਗਿਆ ਹੈ। ਇਸ ਪ੍ਰਾਜੈਕਟ ਤਹਿਤ ਤਖ਼ਤ ਦਮਦਮਾ ਸਾਹਿਬ ਵਿਖੇ ‘ਬੂਟਾ ਪ੍ਰਸ਼ਾਦ’ ਵੀ ਬੰਦ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਵੀ ਹੁਣ ਇਸ ਪ੍ਰਾਜੈਕਟ ਵਿੱਚ ਬਹੁਤੀ ਦਿਲਚਸਪੀ ਨਹੀਂ ਲੈ ਰਹੀ, ਜਿਸ ਕਰ ਕੇ ਦਮਦਮਾ ਸਾਹਿਬ ਵਿਖੇ ਜੰਗਲਾਤ ਵਿਭਾਗ ਵੱਲੋਂ ਬਣਾਈ ਨਰਸਰੀ ਵੀ ਬੰਦ ਹੋ ਗਈ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹ ਦਮਦਮਾ ਸਾਹਿਬ ਵਿਖੇ ‘ਹਰਬਲ ਪਾਰਕ’ ਬਣਾਉਣ ਦੀ ਯੋਜਨਾ ਉਲੀਕ ਰਹੇ ਹਨ।

ਕੈਪਟਨ ਸਰਕਾਰ ਨੇ 2017-18 ਵਿੱਚ ਦੋ ਕਰੋੜ ਪੌਦੇ ਲਾਉਣ ਦਾ ਟੀਚਾ ਰੱਖਿਆ ਹੈ ਪਰ ਖ਼ਜ਼ਾਨੇ ਵਿੱਚੋਂ ਇਸ ਬਾਬਤ ਧੇਲਾ ਵੀ ਜਾਰੀ ਨਹੀਂ ਕੀਤਾ। ਸਰਕਾਰ ਦੀ ਟੇਕ ਕੇਂਦਰੀ ਫੰਡਾਂ ਉਤੇ ਹੈ ਤੇ ਕੇਂਦਰ ਸਰਕਾਰ ਵੱਲੋਂ ਵੀ ਹੱਥ ਖਿੱਚਣ ਨਾਲ ਮਾਮਲਾ ਠੰਢੇ ਬਸਤੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ। ਕੇਂਦਰ ਦੇ ਮਿਸ਼ਨ ‘ਗਰੀਨ ਇੰਡੀਆ’ ਨੂੰ ਉਦੋਂ ਗ੍ਰਹਿਣ ਲੱਗ ਗਿਆ, ਜਦੋਂ ਕੇਂਦਰ ਨੇ ਮਿਸ਼ਨ ਲਈ ਪੰਜਾਹ ਫ਼ੀਸਦੀ ਹਿੱਸਾ ਸੂਬਿਆਂ ਲਈ ਰੱਖ ਦਿੱਤਾ। ਕੇਂਦਰ ਵੱਲੋਂ 2015-16 ਵਿੱਚ ‘ਗਰੀਨ ਮਿਸ਼ਨ’ ਤਹਿਤ 6.11 ਕਰੋੜ ਰੁਪਏ ਦੇ ਫੰਡ ਪੰਜਾਬ ਨੂੰ ਜਾਰੀ ਕੀਤੇ ਗਏ ਸਨ, ਜਿਸ ਨਾਲ ਤਿੰਨ ਹਜ਼ਾਰ ਹੈਕਟੇਅਰ ਰਕਬੇ ਵਿੱਚ ਪੌਦੇ ਲਾਉਣ ਦਾ ਟੀਚਾ ਰੱਖਿਆ ਗਿਆ, ਜਿਸ ਵਿੱਚੋਂ 1854 ਹੈਕਟੇਅਰ ਰਕਬੇ ਵਿੱਚ ਹੀ ਪੌਦੇ ਲਾਏ ਜਾ ਸਕੇ। ਕੇਂਦਰੀ ਫੰਡਾਂ ਦੀ ਝਾਕ ਵਿੱਚ ਜੰਗਲਾਤ ਵਿਭਾਗ ਨੇ 2500 ਹੈਕਟੇਅਰ ਰਕਬਾ ਹੋਰ ਸ਼ਾਮਲ ਕਰ ਲਿਆ ਪਰ ਕੇਂਦਰ ਨੇ ਫੰਡ ਜਾਰੀ ਨਹੀਂ ਕੀਤੇ। ਜੰਗਲਾਤ ਵਿਭਾਗ ਵੱਲੋਂ 2500 ਹੈਕਟੇਅਰ ਰਕਬੇ ਦੇ ਬਕਾਏ ਦਿੱਤੇ ਨਹੀਂ ਜਾ ਸਕੇ ਹਨ। ਕੇਂਦਰ ਸਰਕਾਰ ਨੇ ਪੰਜਾਬ ਲਈ ਪੰਜ ਵਰ੍ਹਿਆਂ ਦਾ ‘ਗਰੀਨ ਮਿਸ਼ਨ’ ਪ੍ਰਾਜੈਕਟ 220 ਕਰੋੜ ਰੁਪਏ ਵਿੱਚ ਨੇਪਰੇ ਚਾੜ੍ਹਨਾ ਸੀ, ਜੋ ਅਧਵਾਟੇ ਦਮ ਤੋੜ ਗਿਆ।
ਪੰਜਾਬ ਵਿੱਚ ਕਰੀਬ 3500 ਵਿਕਾਸ ਪ੍ਰਾਜੈਕਟਾਂ ਕਾਰਨ 1.70 ਲੱਖ ਏਕੜ ਰਕਬੇ ’ਚੋਂ ਹਰਿਆਲੀ ਦਾ ਸਫ਼ਾਇਆ ਹੋਇਆ ਹੈ, ਜਦੋਂ ਕਿ ਬਦਲੇ ਵਿੱਚ ਓਨੇ ਪੌਦੇ ਨਹੀਂ ਲੱਗੇ ਹਨ। ਜੰਗਲਾਤ ਵਿਭਾਗ ਪੰਜਾਬ ਨੇ ਕੇਂਦਰ ਸਰਕਾਰ ਤੋਂ ‘ਗਰੀਨ ਮਿਸ਼ਨ’ ਤਹਿਤ 16 ਕਰੋੜ ਮਿਲਣ ਦੀ ਉਮੀਦ ਲਾਈ ਹੋਈ ਹੈ ਪਰ 2017-18 ਲਈ ਕੇਂਦਰ ਨੇ ਅਜੇ ਤੱਕ ਕਿਸੇ ਵੀ ਸੂਬੇ ਨੂੰ ਫੰਡ ਜਾਰੀ ਨਹੀਂ ਕੀਤੇ ਹਨ। ਜੰਗਲਾਤ ਵਿਭਾਗ ਵੱਲੋਂ ਦੋ ਕਰੋੜ ਵਿੱਚੋਂ 40 ਲੱਖ ਪੌਦੇ ਪੰਚਾਇਤਾਂ ਤੇ ਐਨਜੀਓਜ਼ ਆਦਿ ਨੂੰ ਦਿੱਤੇ ਜਾਣੇ ਹਨ। ਕੈਪਟਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਦੇਸੀ ਬੂਟੇ ਲਾਏ ਜਾਣ, ਜਿਨ੍ਹਾਂ ਵਿੱਚ ਨਿੰਮ, ਟਾਹਲੀ, ਜਾਮਣ, ਅੰਬ, ਡੇਕ, ਪਿੱਪਲ ਤੇ ਬੋਹੜ ਆਦਿ ਸ਼ਾਮਲ ਹਨ। ਸਰਕਾਰ ਨੇ ਪੌਦੇ ਲਾਉਣ ਦੀ ਹਦਾਇਤ ਤਾਂ ਕਰ ਦਿੱਤੀ ਹੈ ਪਰ ਫੰਡਾਂ ਲਈ ਰਾਹ ਨਹੀਂ ਖੋਲ੍ਹਿਆ। ਸਾਇੰਟੀਫਿਕ ਅਵੇਅਰਸਨੈੱਸ ਫੋਰਮ ਪੰਜਾਬ ਦੇ ਪ੍ਰਧਾਨ  ਡਾ. ਅਮਰਜੀਤ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਪੰਜਾਬ ਵਿੱਚ ਪੌਦੇ ਲੱਗ ਨਹੀਂ ਰਹੇ ਅਤੇ ਨਾ ਸਰਕਾਰ ਨੇ ਹਰਿਆਵਲ ਨੂੰ ਤਰਜੀਹੀ ਏਜੰਡੇ ਵਿੱਚ ਸ਼ਾਮਲ ਕੀਤਾ ਹੋਇਆ ਹੈ।