ਚੰਡੀਗੜ੍ਹ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਜਮਹੂਰੀ ਤਾਣੇ-ਬਾਣੇ ਨੂੰ ਤਬਾਹ ਕਰਨ ਲਈ ਗਿਣੀ-ਮਿਥੀ ਸਾਜ਼ਿਸ਼ ਰਚੀ ਗਈ ਹੈ। ਹਾਲ ਹੀ ’ਚ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ’ਤੇ ਹੋਏ ਹਮਲੇ ਵਿਦੇਸ਼ਾਂ ’ਚ ਬੈਠੀਆਂ ਤਾਕਤਾਂ ਦਾ ਕਾਰਾ ਹਨ, ਜੋ ਪੰਜਾਬ ’ਚ ਵੱਡੀ ਘਾਲਣਾ ਬਾਅਦ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਅਤਿਵਾਦ ਦੇ ਦੌਰ ਦੀ ਖ਼ਤਰਨਾਕ ਸਿੱਖ ਜਥੇਬੰਦੀ ਦੇ ਮੁੜ ਸੁਰਜੀਤ ਹੋਣ ਬਾਰੇ ਖ਼ੁਫੀਆ ਰਿਪੋਰਟਾਂ ਦੌਰਾਨ ਮੁੱਖ ਮੰਤਰੀ ਨੇ ਅੱਜ ਕਿਹਾ ਕਿ ਉਹ ਪੰਜਾਬ ’ਚ ਅਜਿਹੀਆਂ ਕੱਟੜਵਾਦੀ ਤਾਕਤਾਂ ਨੂੰ ਸਿਰ ਚੁੱਕਣ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਕਿਹਾ, ‘ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ (ਕੈਨੇਡਾ ’ਚ ਐਨਡੀਪੀ ਆਗੂ) ਵਰਗੇ ਪੰਜਾਬ ’ਚ ਮੁੜ ਅਸਥਿਰਤਾ ਪੈਦਾ ਕਰਨ ਲਈ ਆਵਾਜ਼ ਉਠਾ ਰਹੇ ਹਨ। ਸਾਰੀਆਂ ਚੀਜ਼ਾਂ ਦਾ ਇਕ ਪੈਟਰਨ ਹੈ। ਸੂਬਾਈ ਤੇ ਕੇਂਦਰੀ ਏਜੰਸੀਆਂ ਇਸ ਪੈਟਰਨ ਦੀ ਤੰਦ ਲੱਭਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।’
ਪਿਛਲੇ ਕੁੱਝ ਮਹੀਨਿਆਂ ’ਚ ਇਕੋ ਢੰਗ ਨਾਲ ਪੰਜ ਸੱਜੇਪੱਖੀ ਹਿੰਦੂ ਆਗੂਆਂ ਦੇ ਕਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ, ਡੇਰਾ ਸੱਚਾ ਸੌਦਾ ਦੇ ਦੋ ਪ੍ਰੇਮੀਆਂ ਅਤੇ ਲੁਧਿਆਣਾ ’ਚ ਪਾਦਰੀ ਦੀ ਹੱਤਿਆ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ, ‘ਇਨ੍ਹਾਂ ਸਿਆਸੀ ਹੱਤਿਆਵਾਂ ’ਚ ਸਮਾਨਤਾ ਹੈ ਅਤੇ ਪੁਲੀਸ ਅਜੇ ਤਕ ਕਿਸੇ ਠੋਸ ਨਤੀਜੇ ’ਤੇ ਨਹੀਂ ਪੁੱਜੀ ਹੈ ਕਿ ਕੇਵਲ ਘੱਟਗਿਣਤੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਡੇ ਖ਼ੁਫੀਆ ਸੂਤਰ ਇਸ ਪਿੱਛੇ ਵਿਦੇਸ਼ ’ਚ ਬੈਠੀਆਂ ਖਾਲਿਸਤਾਨੀ ਤਾਕਤਾਂ ਦਾ ਹੱਥ ਦੇਖ ਰਹੇ ਹਨ। ਐਨਆਈਏ ਤੇ ਸੀਬੀਆਈ ਵੱਲੋਂ ਇਨ੍ਹਾਂ ’ਚੋਂ ਕੁਝ ਕੇਸਾਂ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਸਾਨੂੰ ਉਮੀਦ ਹੈ ਕਿ ਇਹ ਕੇਸ ਜਲਦੀ ਹੱਲ ਹੋ ਜਾਣਗੇ।’ ਭਾਵੇਂ ਮੁੱਖ ਮੰਤਰੀ ਨੇ ਖ਼ਤਰਨਾਕ ਸਿੱਖ ਜਥੇਬੰਦੀ, ਜੋ 1980 ਤੇ 1990 ’ਚ ਸਰਗਰਮ ਰਹੀ ਸੀ, ਦੀ ਮੁੜ ਸੁਰਜੀਤੀ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਪਰ ਖੁਫ਼ੀਆ ਸੂਤਰਾਂ ਨੇ ਦੱਸਿਆ ਕਿ ਇਹ ਜਥੇਬੰਦੀ ਆਪਣੇ ‘ਸਲੀਪਰਜ਼’ ਨੂੰ ਪੰਜਾਬ ’ਚ ਸਰਗਰਮ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਜਥੇਬੰਦੀ ਨੂੰ ਵਿਦੇਸ਼ਾਂ ਤੋਂ ਵੱਡੇ ਪੱਧਰ ’ਤੇ ਫੰਡ ਮਿਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘ਮੇਰੀ ਸਰਕਾਰ ਇਨ੍ਹਾਂ ਲੋਕਾਂ ਨੂੰ ਡੱਕਣ ਲਈ ਤਿਆਰ ਹੈ। ਮੇਰੀਆਂ ਡੀਜੀਪੀ ਨੂੰ ਸਪੱਸ਼ਟ ਹਦਾਇਤਾਂ ਹਨ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਪਾੜਾ ਪਾਊ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੇਰਾ ਪੁਲੀਸ ਨੂੰ ਹੁਕਮ ਹੈ ਕਿ ਜੋ ਵੀ ਸੂਬੇ ਨੂੰ ਫਿਰਕੂ ਤੌਰ ’ਤੇ ਵੰਡਣ ਦੀ ਕੋਸ਼ਿਸ਼ ਕਰਦਾ ਹੈ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।’ ਵਿਰੋਧੀ ਧਿਰਾਂ ਵੱਲੋਂ ਸੂਬੇ ’ਚ ਕਾਨੂੰਨ ਵਿਵਸਥਾ ਭੰਗ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਬਾਅਦ ਅਗਵਾ, ਕਤਲ, ਡਕੈਤੀ ਤੇ ਛੇੜ-ਛਾੜ ਦੇ ਕੇਸਾਂ ’ਚ ਕਮੀ ਆਈ ਹੈ।