ਸੰਗਤ ਮੰਡੀ, ਡੇਰਾ ਸਿਰਸਾ ਦੇ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਠਹਿਰ ਨੇ ਪਿੰਡ ਜੰਗੀਰਾਣਾ ਦੇ ਸਾਬਕਾ ਸਰਪੰਚ ਦੇ ਪਰਿਵਾਰ ਨੂੰ ਬਿਪਤਾ ਵਿੱਚ ਪਾ ਦਿੱਤਾ ਹੈ। ਇਹ ਪਰਿਵਾਰ ਕਾਫ਼ੀ ਸਹਿਮਿਆ ਹੋਇਆ ਹੈ।
ਪੰਚਕੂਲਾ ਪੁਲੀਸ 11 ਅਕਤੂਬਰ ਨੂੰ ਹਨੀਪ੍ਰੀਤ ਨੂੰ ਇਸ ਪਿੰਡ ਦੇ ਮਰਹੂਮ ਸਾਬਕਾ ਸਰਪੰਚ ਪ੍ਰੀਤਮ ਸਿੰਘ ਦੇ ਘਰ ਲੈ ਕੇ ਆਈ ਸੀ। ਹਨੀਪ੍ਰੀਤ ਨੇ ਕਬੂਲ ਕੀਤਾ ਸੀ ਕਿ ਉਹ ਇੱਕ ਹਫ਼ਤਾ ਇਸ ਘਰ ਵਿੱਚ ਠਹਿਰੀ ਸੀ। ਘਰ ਦੀ ਔਰਤ ਸ਼ਰਨਜੀਤ ਕੌਰ ਨੇ ਪੁਲੀਸ ਕੋਲ ਸਫ਼ਾਈ ਦਿੱਤੀ ਕਿ ਹਨੀਪ੍ਰੀਤ ਉਸ ਦੀ ਰਿਸ਼ਤੇਦਾਰ ਸੁਖਦੀਪ ਕੌਰ ਨਾਲ ਆਈ ਸੀ, ਪਰ ਉਨ੍ਹਾਂ ਨੂੰ ਪਹਿਲਾਂ ਹਨੀਪ੍ਰੀਤ ਬਾਰੇ ਪਤਾ ਨਹੀਂ ਸੀ। ਪਤਾ ਲੱਗਣ ’ਤੇ ਉਨ੍ਹਾਂ ਨੇ ਦੋਵਾਂ ਨੂੰ ਅਲਵਿਦਾ ਆਖ ਦਿੱਤਾ ਸੀ। ਪੰਚਕੂਲਾ ਪੁਲੀਸ ਨੇ ਪਨਾਹ ਦੇਣ ਦੇ ਦੋਸ਼ ਹੇਠ ਸ਼ਰਨਜੀਤ ਕੌਰ ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਕੇ ਦੋਹਾਂ ਨੂੰ ਕਰੀਬ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕਰ ਲਿਆ। ਖੇਤੀਬਾੜੀ ਕਰਨ ਵਾਲੇ ਇਸ ਪਰਿਵਾਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ। ਸ਼ਰਨਜੀਤ ਕੌਰ ਅਤੇ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਨਾਲ ਪਰਿਵਾਰ ਦੇ ਬਾਕੀ ਮੈਂਬਰ ਚਿੰਤਾ ਵਿੱਚ ਹਨ। ਪਰਿਵਾਰ ਮਹਿਸੂਸ ਕਰ ਰਿਹਾ ਹੈ ਕਿ ਹਨੀਪ੍ਰੀਤ ਦੀ ਠਹਿਰ ਨੇ ਉਨ੍ਹਾਂ ਦੀ ਵਰ੍ਹਿਆਂ ਦੀ ਇੱਜ਼ਤ ਮਿੱਟੀ ਕਰ ਦਿੱਤੀ ਹੈ। ਉਂਜ ਪੂਰਾ ਪਿੰਡ ਤੇ ਪੰਚਾਇਤ ਇਸ ਪਰਿਵਾਰ ਦੀ ਪਿੱਠ ’ਤੇ ਹੈ। ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਭਲਾ ਹੈ ਤੇ ਪਰਿਵਾਰ ਦੇ ਦੋਵੇਂ ਮੁੰਡੇ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਘਰ ਦੇ ਦੋ ਜੀਆਂ ਦੀ ਗ੍ਰਿਫ਼ਤਾਰੀ ਨਾਲ ਪੂਰਾ ਪਰਿਵਾਰ ਮੁਸ਼ਕਲ ਵਿੱਚ ਹੈ।